
ਲੁਧਿਆਣਾ, 25 ਜਨਵਰੀ (ਹਰੀਸ਼ ਸਹਿਗਲ/ਮਹੇਸ਼ਇੰਦਰ ਸਿੰਘ ਮਾਂਗਟ): ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੇਂਦਰ ਆਯੋਜਿਤ 2 ਯੋਜਨਾਵਾਂ, ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਵਿਚ ਅਪਣੇ ਵਲੋਂ ਪਾਏ ਜਾਂਦੇ ਰਾਸ਼ੀ ਹਿੱਸੇ ਵਿਚ ਅਨੁਪਾਤ ਵਾਧਾ ਕਰੇ ਤਾਂ ਜੋ ਆਰਥਕ ਤੌਰ 'ਤੇ ਸੰਭਲ ਰਹੇ ਸੂਬਾ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਗਤੀ ਦਿਤੀ ਜਾ ਸਕੇ। ਅੱਜ ਇਥੇ ਸ਼ਹਿਰ ਦੇ ਕਈ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਮਨਪ੍ਰੀਤ ਸਿੰਘ ਬਾਦਲ ਨੇ ਹਲਕਾ ਲੁਧਿਆਣਾ (ਪੂਰਬੀ) ਵਿਚ ਪੈਂਦੇ ਕਮਿਊਨਿਟੀ ਸੈਂਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਕੇਂਦਰ ਸਰਕਾਰ ਵਲੋਂ ਸਾਲ 2018-19 ਲਈ ਕੇਂਦਰੀ ਬਜਟ ਫ਼ਰਵਰੀ ਮਹੀਨੇ ਪੇਸ਼ ਕੀਤਾ ਜਾਣਾ ਹੈ। ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ ਕਿ ਕੇਂਦਰ ਵਲੋਂ ਚਲਾਈਆਂ ਜਾ ਰਹੀਆਂ 2 ਮਹੱਤਵਪੂਰਨ ਯੋਜਨਾਵਾਂ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਵਿਚ ਕੇਂਦਰ ਵਲੋਂ ਜੋ 60:40 ਦੇ ਅਨੁਪਾਤ ਨਾਲ ਹਿੱਸਾ ਪਾਇਆ ਜਾਂਦਾ ਹੈ, ਇਸ ਅਨੁਪਾਤ ਨੂੰ ਕੇਂਦਰ ਸਰਕਾਰ 90:10 ਕਰ ਦੇਵੇ। ਉਨ੍ਹਾਂ ਕਿਹਾ ਕਿ ਭੇਜੇ ਪ੍ਰਸਤਾਵ ਵਿਚ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਦੀ ਸ਼ਤਾਬਦੀ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ 100 ਕਰੋੜ ਰੁਪਏ ਵਿਸ਼ੇਸ਼ ਰਾਸ਼ੀ ਵਜੋਂ ਦਿਤੇ ਜਾਣ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੂਬੇ ਵਿਚ ਬਾਗ਼ਬਾਨੀ ਯੂਨੀਵਰਸਟੀ ਸਥਾਪਤ ਕਰਨ ਵਿਚ ਕੇਂਦਰ ਸਹਿਯੋਗ ਕਰੇ।
ਸ੍ਰ. ਬਾਦਲ ਨੇ ਪਟਰੌਲੀਅਮ ਪਦਾਰਥਾਂ ਤੇ ਰੀਅਲ ਅਸਟੇਟ ਖੇਤਰ ਨੂੰ ਜੀ. ਐਸ. ਟੀ. ਦੇ ਘੇਰੇ ਅੰਦਰ ਲਿਆਉਣ ਦੀ ਵਕਾਲਤ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋਂ ਇਕ ਪਾਇਲਟ ਪ੍ਰਾਜੈਕਟ ਤਹਿਤ 6 ਫੀਡਰਾਂ ਦੇ ਕਿਸਾਨਾਂ ਨੂੰ ਬਿਜਲੀ 'ਤੇ ਸਬਸਿਡੀ ਦੇਣ ਦਾ ਪ੍ਰਸਤਾਵ ਹੈ, ਜਿਸ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਪ੍ਰਤੀ ਟਿਊਬਵੈੱਲ 48 ਹਜ਼ਾਰ ਰੁਪਏ ਬਿਜਲੀ ਸਬਸਿਡੀ ਉਨ੍ਹਾਂ ਦੇ ਖਾਤੇ 'ਚ ਪਾ ਦਿਤੀ ਜਾਇਆ ਕਰੇਗੀ।ਇਸ ਤੋਂ ਪਹਿਲਾਂ ਹਲਕਾ ਲੁਧਿਆਣਾ (ਪੂਰਬੀ) ਵਿਚ ਬਹਾਦਰਕੇ ਰੋਡ ਸਥਿਤ 15 ਐੱਮ. ਐੱਲ. ਡੀ. ਕਪੈਸਟੀ ਵਾਲੇ ਸੀ. ਈ. ਟੀ. ਪੀ. (ਕਾਮਨ ਇੰਫੂਲੀਏਂਡ ਟਰੀਟਮੈਂਟ ਪਲਾਂਟ) ਦਾ ਨੀਂਹ ਪੱਥਰ ਰਖਿਆ। ਇਸ ਤੋਂ ਇਲਾਵਾ ਸਰਕਾਰੀ ਕਾਲਜ (ਲੜਕੀਆਂ), ਕਨਵੈਨਸ਼ਨ ਸੈਂਟਰ, ਪ੍ਰਦਰਸ਼ਨੀ ਕੇਂਦਰ ਅਤੇ ਈਸਟੈਂਡ ਕਲੱਬ ਦੇ ਕੰਮਾਂ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਸਥਾਨਕ ਪ੍ਰਤਾਪ ਚੌਕ ਵਿਖੇ ਜ਼ਿਲ੍ਹਾ ਬਿਊਰੋ ਆਫ਼ ਇੰਪਲਾਈਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਵਿਭਾਗ ਦੀ ਇਮਾਰਤ ਦੀ ਮੁਰੰਮਤ ਕਾਰਜ ਦਾ ਵੀ ਨੀਂਹ ਪੱਥਰ ਰੱਖਿਆ।