
ਬੇਅੰਤ ਸਿੰਘ ਹਤਿਆ ਕੇਸ 'ਚ ਜਗਤਾਰ ਸਿੰਘ ਤਾਰਾ ਵਿਰੁਧ ਫ਼ੈਸਲਾ ਅੱਜ
ਚੰਡੀਗੜ੍ਹ, 16 ਮਾਰਚ (ਨੀਲ ਭਲਿੰਦਰ ਸਿੰਘ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਤਿਆ ਦੇ ਕੇਸ ਦੇ ਆਖਰੀ ਮੁੱਖ ਮੁਲਜ਼ਮਾਂ 'ਚ ਸ਼ੁਮਾਰ ਭਾਈ ਜਗਤਾਰ ਸਿੰਘ ਤਾਰਾ ਡੇਕਵਾਲਾ ਵਿਰੁਧ ਕੇਸ 'ਚ ਬਹਿਸ ਅੱਜ ਮੁਕੰਮਲ ਹੋ ਗਈ ਹੈ। ਸ਼ਨੀਵਾਰ ਸਵੇਰੇ ਚੰਡੀਗੜ੍ਹ ਦੇ ਵਧੀਕ ਸੈਸ਼ਨ ਅੱਜ ਜੇ.ਐਸ. ਸਿੱਧੂ ਮਾਡਲ ਜੇਲ ਬੁੜੈਲ ਅੰਦਰ ਵਿਸ਼ੇਸ਼ ਅਦਾਲਤ 'ਚ ਅਪਣਾ ਫ਼ੈਸਲਾ ਸੁਣਾਉਣਗੇ।ਤਾਰਾ ਨੇ ਖ਼ੁਦ ਨਾਲ ਯੂਐਨ (ਸੰਯੁਕਤ ਰਾਸ਼ਟਰ) ਕਾਨੂੰਨ ਤਹਿਤ ਜੰਗੀ ਕੈਦੀ ਵਜੋਂ ਸਲੂਕ ਕਰਨ ਦੀ ਮੰਗ ਅੱਜ ਲਿਖਤੀ ਤੌਰ ਉਤੇ ਅਦਾਲਤ ਅੱਗੇ ਰੱਖੀ ਹੈ। ਤਾਰਾ ਨੇ ਅਪਣੇ ਨਿਜੀ ਕਾਨੂੰਨੀ ਸਲਾਹਕਾਰ ਐਡਵੋਕੇਟ ਸਿਮਰਨਜੀਤ ਰਾਹੀਂ ਅਪਣਾ ਇਹ ਕਰੀਬ ਅੱਠ ਪੰਨਿਆਂ ਦਾ ਲਿਖਤੀ ਬਿਆਨ ਅਦਾਲਤੀ ਰੀਕਾਰਡ ਦਾ ਹਿੱਸਾ ਬਣਾਏ ਜਾਣ ਦੀ ਮੰਗ ਰੱਖੀ ਹੈ ਜਿਸ ਤਹਿਤ ਭਾਰਤ ਸਰਕਾਰ ਨੂੰ ਆਜ਼ਾਦੀ ਤੋਂ ਬਾਅਦ ਸਿੱਖ ਧਰਮ ਵਿਚ ਦਖ਼ਲਅੰਦਾਜ਼ੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਿਰੰਕਾਰੀਆਂ, ਨਾਮਧਾਰੀਆਂ, ਸਿਰਸੇ ਵਾਲੇ, ਨੂਰਮਹਿਲੀਏ ਆਦਿ ਜਿਹੇ ਤੱਤਾਂ ਨੂੰ ਹੱਲਾਸ਼ੇਰੀ ਦੇ ਗੁਰੂਡਮ ਪੈਦਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਬੇਇਨਸਾਫ਼ੀ, 70ਵਿਆਂ ਦੌਰਾਨ ਨਿਰੰਕਾਰੀਆਂ ਵਲੋਂ ਸਿਖਾਂ ਦੀ ਹਤਿਆ, ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਉਤੇ ਹਮਲੇ, 1984 ਦਾ ਸਿੱਖ ਕਤਲੇਆਮ, ਪੰਜਾਬ ਚ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਜਿਹੀਆਂ ਘਟਨਾਵਾਂ ਨੂੰ ਅਪਣੇ ਸੰਘਰਸ਼ ਦਾ ਆਧਾਰ ਦਸਿਆ ਹੈ ਜਿਸ ਤਹਿਤ ਤਾਰਾ ਨੇ ਖੁਦ ਨਾਲ ਸੰਯੁਕਤ ਰਾਸ਼ਟਰ ਕਾਨੂੰਨ ਤਹਿਤ ਇੱਕ ਜੰਗੀ ਵਾਲਾ ਸਲੂਕ ਕਰਨ ਦੀ ਮੰਗ ਅਦਾਲਤ ਅੱਗੇ ਰੱਖੀ ਹੈ। ਤਾਰਾ ਨੇ ਉਕਤ ਘਟਨਾਵਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤ ਸਰਕਾਰ 1947 ਤੋਂ ਹੀ ਸਿੱਖਾਂ ਨਾਲ ਜੰਗ ਦੀ ਸਥਿਤੀ ਵਿਚ ਹੈ ਅਤੇ ਉਹ ਸਿੱਖ ਰਾਜ ਦੀ ਆਜ਼ਾਦੀ ਦਾ ਇਕ ਸਿਪਾਹੀ ਹੈ।
ਦਸਣਯੋਗ ਹੈ ਕਿ ਤਾਰਾ ਵਿਰੁਧ ਇਹ ਕੇਸ 31 ਅਗੱਸਤ 2015 ਨੂੰ ਚੰਡੀਗੜ੍ਹ ਦੇ ਸੈਕਟਰ- 3 ਦੇ ਪੁਲਿਸ ਥਾਣੇ 'ਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 302 (ਹੱਤਿਆ), 307 (ਹੱਤਿਆ ਦੀ ਕੋਸ਼ਿਸ, 120-ਬੀ (ਸਾਜਿਸ਼), 109 (ਜੁਰਮ ਲਈ ਉਕਸਾਉਣਾ) ਅਤੇ ਵਿਸਫ਼ੋਟਕ ਪਦਾਰਥ ਐਕਟ ਦੀ ਧਾਰਾ 3 ਅਤੇ 4 ਤਹਿਤ ਦਰਜ ਕੀਤੀ ਗਈ ਐਫਆਈਆਰ ਨੰਬਰ 96 ਦੇ ਅਧਾਰ ਉਤੇ ਇਹ ਕੇਸ ਚਲਾਇਆ ਗਿਆ ਹੈ। ਇਸੇ ਐਫਆਈਆਰ ਅਤੇ ਅਜਿਹੀਆਂ ਹੀ ਕਾਨੂੰਨੀ ਸਥਿਤੀਆਂ ਤਹਿਤ ਸੈਸ਼ਨ ਅਦਾਲਤ ਵਲੋਂ ਇਸ ਹਤਿਆ ਕੇਸ 'ਚ ਪਹਿਲਾਂ ਸਹਿ-ਦੋਸ਼ੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਤਾਰਾ ਨੇ ਵੀ ਰਾਜੋਆਣਾ ਵਾਂਗੂੰ ਹੀ ਨਾ ਤਾਂ ਅਪਣਾ ਕੇਸ ਲੜਿਆ ਅਤੇ ਕਿਸੇ ਵੀ ਤਰ੍ਹਾਂ ਦੀ ਸਜ਼ਾ ਸੁਣਾਏ ਜਾਣ ਦੀ ਸੂਰਤ 'ਚ ਪਹਿਲਾਂ ਹੀ ਅਗੇ ਕੋਈ ਅਪੀਲ-ਦਲੀਲ ਨਾ ਕੀਤੇ ਜਾਣ ਦਾ ਐਲਾਨ ਕੀਤਾ ਹੋਇਆ ਹੈ। ਇਸ ਕੇਸ ਤਹਿਤ ਪਿਛਲੀ ਤਰੀਕ ਉਤੇ ਸੀਬੀਆਈ ਵਕੀਲ ਐਸ ਕੇ ਸਕਸੈਨਾ ਵੀ ਆਖ ਚੁਕੇ ਹਨ ਕਿ ਜਗਤਾਰ ਸਿੰਘ ਤਾਰਾ ਅਤੇ ਹੋਰਨਾਂ ਦੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਉਨ੍ਹਾਂ ਨੇ ਇਹ ਹਤਿਆ ਸਿੱਖ ਪੰਥ ਲਈ ਕੀਤੀ। ਪਰ ਹਿੰਦੁਸਤਾਨ ਦੇ ਕਾਨੂੰਨ ਮੁਤਾਬਕ ਹਤਿਆ ਕਰਨਾ ਜੁਰਮ ਹੈ। ਹਿੰਦੁਸਤਾਨ ਵਿਚ ਵੋਟਾਂ ਰਾਹੀਂ ਅਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ।