
ਲੁਧਿਆਣਾ, 19 ਜਨਵਰੀ (ਗੁਰਮਿੰਦਰ ਗਰੇਵਾਲ, ਅੰਮ੍ਰਿਤਪਾਲ ਸਿੰਘ ਸੋਨੂੰ) : ਪੁਲਿਸ ਦੀ ਵਰਦੀ ਵਿਚ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਥਾਣਾ ਸਦਰ ਦੀ ਪੁਲਿਸ ਨੇ ਔਰਤ ਸਮੇਤ ਛੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਦੋ ਗੱਡੀਆਂ, ਦੋ ਮੋਟਰਸਾਈਕਲ, ਇਕ ਦੇਸੀ ਕੱਟਾ, ਇਕ ਨਕਲੀ ਪਿਸਟਲ ਅਤੇ ਇੱਕ ਛੁਰਾ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ ਸੀ ਪੀ ਇਨਵੇਸਟੀਗੇਸ਼ਨ ਗਗਨਜੀਤ ਸਿੰਘ ਨੇ ਦਸਿਆ ਕਿ ਥਾਣਾ ਸਦਰ ਦੀ ਪੁਲਿਸ ਵਲੋਂ 19 ਜਨਵਰੀ 2018 ਨੂੰ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਸਮੇਤ ਥਾਣੇਦਾਰ ਪਰਮਜੀਤ ਸਿੰਘ ਅਤੇ ਪੁਲਿਸ ਪਾਰਟੀ ਗਸ਼ਤ ਤੇ ਪਿੰਡ ਗਿੱਲ ਮੇਨ ਰੋਡ ਮੌਜੂਦ ਸੀ ਤਾਂ ਮੁਖ਼ਬਰ ਖਾਸ ਦੀ ਇਤਲਾਹ 'ਤੇ ਕਥਿਤ ਦੋਸ਼ੀ ਜਸਵੰਤ ਸਿੰਘ ਉਰਫ ਪ੍ਰਧਾਨ ਵਾਸੀ ਪਿੰਡ ਨੋਲੜੀ (ਖੰਨਾ), ਦਲਵਿੰਦਰ ਸਿੰਘ ਉਰਫ ਲਾਲੀ ਵਾਸੀ ਪਿੰਡ ਬਿਲਗਾ (ਸਾਹਨੇਵਾਲ, ਲੁਧਿਆਣਾ), ਜਗਪ੍ਰੀਤ ਸਿੰਘ ਉਰਫ ਮਨੀ ਵਾਸੀ ਪਿੰਡ ਖਾਨਪੁਰ (ਮੰਡੀ ਅਹਿਮਦਗੜ੍ਹ), ਸੁਰਿੰਦਰ ਸਿੰਘ ਬਾਲਿਉ, ਲੁਧਿਆਣਾ, ਰਣਜੀਤ ਸਿੰਘ ਵਾਸੀ ਲਾਲ ਬਾਗ, ਲੁਧਿਆਣਾ, ਗੁਰਮੀਤ ਕੌਰ ਪਿੰਡ ਖਾਨਪੁਰ
ਅਹਿਮਦਗੜ੍ਹ, ਨਿੱਕਾ ਵਾਸੀ ਗੋਬਿੰਦ ਨਗਰ ਡਾਬਾ ਲੁਧਿਆਣਾ ਮਿਲ ਕੇ ਪੁਲਿਸ ਦੀ ਵਰਦੀ ਵਿਚ ਡਰਾ ਧਮਕਾ ਕੇ ਤੇ ਖ਼ੁਦ ਨੂੰ ਸੀ.ਆਈ.ਏ. ਸਟਾਫ਼, ਐਸ.ਟੀ.ਐਫ ਅਤੇ ਨਾਰਕੋਟਿਕਸ ਸੈਲ ਦੇ ਮੁਲਾਜ਼ਮ ਦੱਸਕੇ ਬਲੈਕ ਮੇਲ ਕਰ ਕੇ ਠੱਗੀਆਂ ਮਾਰਦੇ ਹਨ, ਲੁੱਟਾਂ ਖੋਹਾਂ ਕਰਦੇ ਹਨ ਤੇ ਆਪੋ ਅਪਣੇ ਵਹੀਕਲ ਤੇ ਹੁਣ ਵੀ ਪਿੰਡ ਸੰਗੋਵਾਲ ਦੇ ਨੇੜੇ ਨਹਿਰ ਦੀ ਤਰਫ ਇਕ ਖਾਲੀ ਬੇਆਬਾਦ ਪਲਾਟ ਵਿਚ ਬੈਠ ਕੇ ਕਿਸੇ ਰਾਹਗੀਰ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਪੱਕੀ ਸੂਚਨਾ 'ਤੇ ਉਕਤ ਕਥਿਤ ਦੋਸ਼ੀਆਂ ਵਿਰੁਧ ਥਾਣਾ ਸਦਰ ਮਾਮਲਾ ਦਰਜ ਕਰਕੇ ਰੇਡ ਕੀਤੀ ਗਈ ਅਤੇ ਉਕਤ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੀਤਾ ਗਿਆ ਜਦ ਕਿ ਇਹਨਾਂ ਦਾ ਇਕ ਸਾਥੀ ਨਿੱਕਾ ਵਾਸੀ ਡਾਬਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸ ਨੂੰ ਜਲਦੀ ਹੀ ਗਿਰਫ਼ਤਾਰ ਕੀਤਾ ਜਾਵੇਗਾ। ਗ੍ਰਿਫ਼ਤਾਰ ਪੁਲਿਸ ਮੁਤਾਬਿਕ ਉਕਤ ਗ੍ਰਿਫਤਾਰ ਕਥਿਤ ਦੋਸ਼ੀ ਕਰੀਬ ਤਿੰਨ- ਚਾਰ ਮਹੀਨਿਆਂ ਤੋਂ ਲਗਾਤਾਰ ਇਹ ਠੱਗੀਆਂ ਮਾਰ ਰਹੇ ਹਨ।