
ਚੰਡੀਗੜ੍ਹ, 16 ਮਾਰਚ (ਜੀ.ਸੀ. ਭਾਰਦਵਾਜ): ਬੀਤੇ ਕਲ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਲਿਖਤੀ ਮਾਫ਼ੀ ਮੰਗੇ ਜਾਣ 'ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੋਫਾੜ ਹੋ ਗਈ ਹੈ। 'ਝਾੜੂ' ਦਾ ਤੀਲਾ ਤੀਲਾ ਖਿਲਰ ਗਿਆ ਅਤੇ ਸੋਸ਼ਲ ਮੀਡੀਆ ਸਮੇਤ ਸੂਬੇ ਦੇ ਹੋਰ ਦਲਾਂ ਤੇ ਜਥੇਬੰਦੀ ਨੇਤਾਵਾਂ ਤੇ ਵਰਕਰਾਂ ਨੇ ਸਖ਼ਤ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕਿਹਾ ਹੈ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਨਸ਼ਾ ਤਸਕਰੀ ਦੇ ਦੋਸ਼ੀ ਬਿਕਰਮ ਮਜੀਠੀਆ ਤੋਂ, ਬਿਨਾਂ ਸ਼ਰਤ ਮਾਫ਼ੀ ਮੰਗੀ ਹੈ। ਕੇਜਰੀਵਾਲ ਦੇ ਮਾਫ਼ੀਨਾਮੇ ਕਾਰਨ ਪੈਦਾ ਹੋਈ ਹਾਲਤ ਤੋਂ ਪੰਜਾਬ ਦੇ 20 ਵਿਧਾਇਕਾਂ ਤੇ ਲੋਕ ਇਨਸਾਫ਼ ਪਾਰਟੀ ਦੇ ਦੋ ਵਿਧਾਇਕਾਂ ਨੇ ਵਿਧਾਨ ਸਭਾ ਕੰਪਲੈਕਸ ਵਿਚ ਦੋ ਪੜਾਵਾਂ ਵਿਚ ਤਿੰਨ ਘੰਟੇ ਤਕ ਬੈਠਕ ਕੀਤੀ। ਇਕੱਲੇ-ਇਕੱਲੇ ਨੇ ਕੇਜਰੀਵਾਲ ਤੇ ਹੋਰ ਦਿੱਲੀ ਨੇਤਾਵਾਂ ਵਿਰੁਧ ਗੁੱਸਾ ਜ਼ਾਹਰ ਕੀਤਾ ਅਤੇ ਪੰਜਾਬ ਵਿਚ ਅਕਾਲੀ ਦਲ ਵਿਰੁਧ ਉਠੀ ਲਹਿਰ ਤੇ ਸੋਚ ਨੂੰ ਸਮਝਣ ਦੀ ਲੋੜ ਤੋਂ ਨਾਵਾਕਫ਼ 'ਆਪ' ਨੇਤਾਵਾਂ ਨੂੰ ਬੁਰਾ ਭਲਾ ਕਿਹਾ। ਬੈਠਕ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ, ਕੰਵਰ ਸੰਧੂ, ਅਮਨ ਅਰੋੜਾ ਅਤੇ ਹੋਰਨਾਂ ਨੇ ਕਿਹਾ ਕਿ ਮਾਫ਼ੀ ਮੰਗ ਕੇ ਕੇਜਰੀਵਾਲ ਨੇ ਮਾਨਸਕ ਕਮਜ਼ੋਰੀ ਵਿਖਾਈ, ਪੰਜਾਬ ਦੇ ਨੇਤਾਵਾਂ ਨਾਲ ਪਹਿਲਾਂ ਚਰਚਾ ਨਹੀਂ ਕੀਤੀ, ਨਾ ਹੀ ਸਲਾਹ ਲਈ। ਬਾਅਦ ਵਿਚ ਖਹਿਰਾ ਨੇ ਪੱਤਰਕਾਰਾਂ ਨੂੰ
ਦਸਿਆ ਕਿ ਹੁਣ ਤੋਂ ਪੰਜਾਬ ਬਾਰੇ ਸਾਰੇ ਫ਼ੈਸਲੇ ਪਾਰਟੀ ਨੇਤਾ ਇਥੇ ਹੀ ਲੈਣਗੇ, ਦਿੱਲੀ ਨਹੀਂ ਜਾਣਗੇ, ਨਾ ਹੀ ਦਿੱਲੀ ਵਾਲਿਆਂ ਨੂੰ ਪੰਜਾਬ ਦੀ ਡੋਰ ਦੇਣਗੇ। ਅਮਨ ਅਰੋੜਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਹ ਦਿੱਲੀ ਵਿਚ ਸਨ, ਪਾਰਟੀ ਦੀ ਬੈਠਕ ਵਿਚ ਗਏ ਸਨ ਪਰ ਮਾਫ਼ੀ ਬਾਰੇ ਕੁੱਝ ਨਹੀਂ ਦਸਿਆ। ਸ਼ਾਮ ਚਾਰ ਵਜੇ ਇਕ ਘੰਟਾ ਹੋਰ ਹੋਈ ਬੈਠਕ ਮਗਰੋਂ ਖਹਿਰਾ, ਕੰਵਰ ਸੰਧੂ ਅਤੇ ਅਮਨ ਅਰੋੜਾ ਦਾ ਕਹਿਣਾ ਸੀ ਕਿ ਕੁਲ 22 ਵਿਧਾਇਕਾਂ 'ਚੋਂ 17 ਸਾਡੇ ਗਰੁਪ ਨਾਲ ਹਨ, ਪੰਜਾਬ ਦੇ ਲੋਕਾਂ ਵਿਚ ਭਰੋਸਾ ਕਾਇਮ ਰਖਾਂਗੇ। ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸੰਧਵਾ, ਅਮਰਜੀਤ ਸੰਦੋਆ ਵਖਰੀ ਸੋਚ ਰਖਦੇ ਸਨ, ਉਨ੍ਹਾਂ ਫ਼ਿਲਹਾਲ ਦਿੱਲੀ ਹਾਈ ਕਮਾਂਡ ਨਾਲ ਹੀ ਰਾਬਤਾ ਬਣਾਈ ਰਖਿਆ ਹੈ। ਸ. ਹਰਵਿੰਦਰ ਸਿੰਘ ਫ਼ੂਲਕਾ ਅਤੇ ਹਰਪਾਲ ਚੀਮਾ ਅੱਜ ਦੀ ਬੈਠਕ ਵਿਚ ਨਹੀਂ ਆਏ। ਬੈਂਸ ਭਰਾਵਾਂ ਯਾਨੀ ਬਲਵਿੰਦਰ ਬੈਂਸ ਤੇ ਸਿਮਰਜੀਤ ਬੈਂਸ ਜੋ ਲੋਕ ਇਨਸਾਫ਼ ਪਾਰਟੀ ਨਾਲ ਸਬੰਧ ਰਖਦੇ ਹਨ, ਨੇ ਵੀ 15 ਵਿਧਾਇਕਾਂ ਦੇ ਗਰੁਪ ਵਾਲੀ ਸੋਚ ਦੀ ਹਾਮੀ ਭਰੀ ਹੈ। ਖਹਿਰਾ ਨੇ ਕਿਹਾ ਕਿ ਉਹ 2014 ਵਾਲੀ ਆਮ ਆਦਮੀ ਪਾਰਟੀ ਮੁੜ ਖੜੀ ਕਰਨਗੇ। ਜ਼ਿਕਰਯੋਗ ਹੈ ਕਿ ਚਾਰ ਸਾਲ ਪਹਿਲਾਂ ਲੋਕ ਸਭਾ ਚੋਣਾਂ ਵਿਚ ਕੁਲ 13 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੂੰ ਚਾਰ 'ਤੇ ਜਿੱਤ ਮਿਲੀ ਸੀ ਪਰ ਦੋ ਲੋਕ ਸਭਾ ਮੈਂਬਰਾਂ ਡਾ. ਧਰਮਵੀਰ ਗਾਂਧੀ ਤੇ ਹਰਵਿੰਦਰ ਖ਼ਾਲਸਾ ਨੂੰ ਕੇਜਰੀਵਾਲ ਨੇ ਪਾਰਟੀ 'ਚੋਂ ਮੁਅੱਤਲ ਕੀਤਾ ਹੋਇਆ ਹੈ। ਵਿਧਾਇਕ ਕੰਵਰ ਸੰਧੂ ਨੇ ਸਪੱਸ਼ਟ ਕੀਤੀ ਕਿ ਅਜੇ ਇਕ ਬੈਠਕ ਹੋਰ ਕੀਤੀ ਜਾਵੇਗੀ ਅਤੇ ਆਖ਼ਰੀ ਫ਼ੈਸਲਾ ਲਿਆ ਜਾਵੇਗਾ।