
ਮੁੱਖ ਟੀਚਾ-ਕਿਵੇਂ ਹੋਏ ਕਿਸਾਨ ਪਰਵਾਰ ਦਾ ਗੁਜ਼ਾਰਾ
ਚੰਡੀਗੜ੍ਹ, 2 ਫ਼ਰਵਰੀ (ਜੀ.ਸੀ. ਭਾਰਦਵਾਜ): ਦੇਸ਼ ਨੂੰ ਅੰਨ ਦੇ ਸੰਕਟ ਵਿਚੋਂ ਕੱਢਣ ਵਾਲਾ ਪੰਜਾਬ ਦਾ ਕਿਸਾਨ ਹੁਣ ਖ਼ੁਦ ਆਰਥਕ ਸੰਕਟ ਵਿਚ ਹੈ ਅਤੇ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਆਰਥਕ ਤੇ ਖੇਤੀ ਮਾਹਰ, ਸੀਨੀਅਰ ਨੀਤੀਵਾਨ ਅਜੈਵੀਰ ਜਾਖੜ ਨੂੰ ਪੰਜਾਬ ਕਿਸਾਨ ਕਮਿਸ਼ਨ ਦਾ ਚੇਅਰਮੈਨ ਲਾ ਦਿਤਾ ਜਿਨ੍ਹਾਂ ਪਿਛਲੇ 10 ਮਹੀਨਿਆਂ ਵਿਚ ਫ਼ੀਲਡ ਵਿਚ ਜਾ ਕੇ ਨਵੀਂ ਖੇਤੀ ਨੀਤੀ ਦਾ ਖਰੜਾ ਤਿਆਰ ਕੀਤਾ ਹੈ। ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਦਸਿਆ ਕਿ ਇਹ ਨਿਵੇਕਲੀ ਤੇ ਨਵੀਂ ਖੇਤੀਬਾੜੀ ਨੀਤੀ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਪੇਸ਼ ਕੀਤੀ ਜਾਵੇਗੀ। ਇਸ ਲੰਮੀ-ਚੌੜੀ ਪ੍ਰੈਕਟੀਕਲ ਨੀਤੀ 'ਤੇ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਬਹਿਸ ਕਰਨ ਅਤੇ ਪੜਚੋਲ ਕਰਨ ਦਾ ਮੌਕਾ ਦਿਤਾ ਜਾਵੇਗਾ। ਅਜੈਵੀਰ ਜਾਖੜ ਨੇ ਦਸਿਆ ਕਿ ਪੰਜਾਬ ਇਸ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਖੇਤੀ ਅਤੇ ਸਹਾਇਕ ਧੰਦਿਆਂ ਬਾਰੇ ਨਵੀਂ ਨੀਤੀ ਤਿਆਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੀਤੀ ਦਾ ਮੁੱਖ ਟੀਚਾ ਇਹ ਹੈ ਕਿ ਕਿਸਾਨ ਪਰਵਾਰ ਦਾ ਗੁਜ਼ਾਰ ਕਿਵੇਂ ਵਧੀਆ ਹੋਵੇ, ਕਿਸਾਨ ਦੇ ਬੱਚਿਆਂ ਲਈ ਸਿਖਿਆ, ਸਿਹਤ ਸੇਵਾਵਾਂ, ਆਮਦਨੀ ਦੇ ਸਾਧਨ, ਬੱਚਿਆਂ ਲਈ ਹੋਰ ਰੁਜ਼ਗਾਰ ਕਿਵੇਂ ਮਿਲੇ ਅਤੇ ਖੇਤੀ 'ਤੇ ਆਧਾਰਤ ਹੋਰ ਕੰਮ ਧੰਦੇ ਵੀ ਸਹੀ ਢੰਗ ਨਾਲ ਚਲਦੇ ਰਹਿਣ। ਫ਼ਸਲ ਦੀ ਖ਼ਰੀਦ ਲਈ ਬਿਹਤਰ ਢੰਗ ਅਤੇ ਮੌਸਮ ਦੇ ਸੰਕਟ ਵਾਲੇ ਰਾਹਤ ਮਿਲਣ ਦੇ ਨਾਲ-ਨਾਲ ਕਿਸਾਨ ਪਰਵਾਰ ਨੂੰ ਸਮਾਜਕ, ਆਰਥਕ ਤੇ ਹੋਰ ਖੇਤਰਾਂ ਨਾਲ ਵੀ ਜੋੜੀ ਰਖਣਾ ਇਸ ਖੇਤੀ ਨੀਤੀ ਦੇ ਵੱਡੇ ਪਹਿਲੂ ਹੋਣਗੇ। ਕੇਂਦਰ ਸਰਕਾਰ ਦੇ ਬਜਟ ਪ੍ਰਸਵਾਤਾਂ ਵਿਚ ਖੇਤੀ ਸੰਕਟ ਨੂੰ ਕੰਟਰੋਲ ਕਰਨ, ਕਿਸਾਨੀ ਨੂੰ ਰਾਹਤ ਦੇਣ ਦੇ ਮੁੱਦੇ ਸਬੰਧੀ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਜ਼ਿਆਦਾ ਧਿਆਨ ਦਿਹਾਤੀ ਸੈਕਟਰ ਵਲ ਦਿਤਾ ਹੈ। ਕੇਂਦਰੀ ਵਿੱਤ ਮੰਤਰੀ ਵਲੋਂ ਫ਼ਸਲਾਂ ਦੀ ਖ਼ਰੀਦ ਬਾਰੇ ਭਰੋਸਾ ਦੇਣਾ, 22 ਹਜ਼ਾਰ ਪੇਂਡੂ ਫ਼ਸਲ ਖ਼ਰੀਦ ਮੰਡੀਆਂ ਸਥਾਪਤ ਕਰਨਾ, ਇਸੇ ਸਾਲ 585 ਖੇਤੀ ਮੰਡੀ ਕਮੇਟੀਆਂ ਬਣਾਉਣਾ, ਟਮਾਟਰਾਂ, ਪਿਆਜ਼ ਤੇ ਆਲੂ ਦੀ ਫ਼ਸਲ ਲਈ 'ਉਪਰੇਸ਼ਨ ਗ੍ਰੀਨ' ਚਲਾਉਣਾ ਅਤੇ ਫ਼ਸਲ ਦੀ ਲਾਗਤ ਉਪਰ 50 ਫ਼ੀ ਸਦੀ ਵਾਧੂ ਲਾਭ, ਕਿਸਾਨ ਨੂੰ ਦੇਣਾ ਸ਼ਲਾਘਾਯੋਗ ਫ਼ੈਸਲੇ ਹਨ।
ਉਨ੍ਹਾਂ ਕਿਹਾ ਕਿ ਬਜਟ ਵਿਚ 10 ਹਜ਼ਾਰ ਕਰੋੜ ਦਾ ਫ਼ੰਡ ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਹੋਰ ਖੇਤੀ ਆਧਾਰਤ ਸਹਾਇਕ ਧੰਦਿਆਂ ਲਈ ਰਖਣਾ ਚੰਗੀ ਗੱਲ ਹੈ ਪਰ ਇਸ ਨੁਕਤੇ ਨੂੰ ਯਕੀਨੀ ਬਣਾਇਆ ਜਾਵੇ ਕਿ ਠੀਕ ਥਾਂ 'ਤੇ ਰਕਮ ਲੱਗ ਜਾਵੇ। ਉਨ੍ਹਾਂ ਦੁਖ ਪ੍ਰਗਟ ਕੀਤਾ ਕਿ ਪੰਜਾਬ ਵਲੋਂ ਕੀਤੀ ਮੰਗ ਕਿ ਖੇਤੀ ਨਾਲ ਸਬੰਧਤ ਸਕੀਮਾਂ ਲਾਗੂ ਕਰਨ ਲਈ ਕੇਂਦਰ ਤੇ ਰਾਜ ਸਰਕਾਰਾਂ ਵਿਚ ਰਕਮ ਦੇ ਖ਼ਰਚੇ ਦਾ ਅਨੁਪਾਤ 60-40 ਤੋਂ ਵਧਾ ਕੇ 90-10 ਕਰ ਦਿਤਾ ਜਾਵੇ, ਨੂੰ ਇਨਕਾਰ ਕਰ ਕੇ ਕੇਂਦਰੀ ਵਿੱਤ ਮੰਤਰੀ ਨਹੀਂ ਠੀਕ ਨਹੀਂ ਕੀਤਾ। ਜਾਖੜ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਸਾਰੇ ਦੇਸ਼ ਵਿਚ 36 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ, ਪੰਜਾਬ ਵਿਚ ਵੀ ਬਹੁਤ ਖ਼ੁਦਕੁਸ਼ੀਆਂ ਹੋਈਆਂ ਪਰ ਕੇਂਦਰੀ ਬਜਟ ਵਿਚ ਨਾ ਤਾਂ ਕਰਜ਼ਾ ਮੁਆਫ਼ੀ ਲਈ ਕੋਈ ਰਕਮ ਰੱਖੀ ਅਤੇ ਨਾ ਹੀ ਪੰਜਾਬ ਨੂੰ ਸਪੈਸ਼ਨ ਗ੍ਰਾਂਟ ਦਿਤੀ ਗਈ। ਜਾਖੜ ਦਾ ਕਹਿਣਾ ਹੈ ਕਿ ਪੰਜਾਬ ਸਮੇਤ ਸਾਰੇ ਦੇਸ਼ ਵਿਚ ਅੱਧੀ ਤੋਂ ਵੱਧ ਆਬਾਦੀ ਖੇਤੀ ਨਾਲ ਜੁੜੀ ਹੋਈ ਹੈ, ਇਸੇ 'ਤੇ ਹੀ 60 ਫ਼ੀ ਸਦੀ ਅਰਥਚਾਰਾ ਟਿਕਿਆ ਹੈ ਪਰ 2022 ਤਕ ਕਿਸਾਨ ਦੀ ਆਮਦਨੀ ਨੂੰ ਦੁਗਣਾ ਕਰਨ ਦਾ ਟੀਚਾ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਕੇਂਦਰ ਸਰਕਾਰ ਉਦਯੋਗ ਦੇ ਨਾਲ-ਨਾਲ ਖੇਤੀਬਾੜੀ ਸੁਧਾਰਾਂ ਵਲ ਵੀ ਧਿਆਨ ਦੇਵੇ ਅਤੇ ਵਿਸ਼ੇਸ਼ ਤੌਰ 'ਤੇ ਕਿਸੇ ਪੁਖਤਾ ਨੀਤੀ 'ਤੇ ਕੰਮ ਕਰੇ।