
ਚੰਡੀਗੜ੍ਹ, 16 ਜਨਵਰੀ (ਜੀ.ਸੀ. ਭਾਰਦਵਾਜ) : ਪੰਜਾਬ ਸਰਕਾਰ, ਸੂਬੇ ਦੇ ਤਾਜ਼ਾ ਸਿਆਸੀ ਹਾਲਾਤ ਅਤੇ ਰਾਣਾ ਗੁਰਜੀਤ ਸਿੰਘ ਦੇ ਮੰਤਰੀ ਮੰਡਲ ਤੋਂ ਦਿਤੇ ਅਸਤੀਫ਼ੇ ਤੋਂ ਉਪਜੇ ਹਾਲਾਤ ਸਮੇਤ 10 ਮਹੀਨੇ ਪੁਰਾਣੀ ਵਜ਼ਾਰਤ 'ਚ ਵਾਧਾ ਕਰਨ ਬਾਰੇ ਚਰਚਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਹਵਾਈ ਜਹਾਜ਼ ਰਾਹੀਂ ਨਵੀਂ ਦਿੱਲੀ ਰਵਾਨਾ ਹੋ ਗਏ।ਕਾਂਗਰਸ ਹਾਈ ਕਮਾਂਡ ਦੇ ਸੂਤਰਾਂ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਦਸਿਆ ਕਿ ਭਲਕੇ ਬਾਅਦ ਦੁਪਹਿਰ ਇਹ ਦੋਵੇਂ ਨੇਤਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਹਾਈ ਕਮਾਂਡ ਨਾਲ ਪੰਜਾਬ ਮੰਤਰੀ ਮੰਡਲ ਦੇ ਵਿਸਤਾਰ ਯਾਨੀ ਖ਼ਾਲੀ ਪਏ 8 ਮੰਤਰੀ ਅਹੁਦੇ ਭਰਨ ਬਾਰੇ ਵਿਚਾਰ ਹੋਵੇਗਾ। ਇਹ ਵੀ ਚਰਚਾ ਹੋਵੇਗੀ ਕਿ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਭੂਮਿਕਾ ਨਾਲ ਸਰਕਾਰ ਦੇ ਅਕਸ 'ਤੇ ਕੀ ਪ੍ਰਭਾਵ ਪਵੇਗਾ।
ਇਹ ਵੀ ਪਤਾ ਲੱਗਾ ਹੈ ਕਿ ਸੀਨੀਅਰ ਕਾਂਗਰਸੀ ਵਿਧਾਇਕਾਂ ਸਮੇਤ ਕਈ ਨੌਜਵਾਨ ਵਿਧਾਇਕ ਜੋ ਰਾਹੁਲ ਗਾਂਧੀ ਦੇ ਨੇੜੇ ਹਨ, ਵੀ ਨਵੀਂ ਦਿੱਲੀ ਪਹੁੰਚੇ ਹਨ। ਕੁੱਝ ਦਿਨਾਂ ਤਕ ਝੰਡੀ ਵਾਲੀ ਕਾਰ ਦੇ ਚਾਹਵਾਨ ਹਾਈ ਕਮਾਂਡ 'ਚ ਅਪਣੇ ਜੁਗਾੜ ਲਾਉਣ 'ਚ ਮਸਰੂਫ਼ ਹੋ ਗਏ ਹਨ। ਰਾਣਾ ਗੁਰਜੀਤ ਦੇ ਅਸਤੀਫ਼ੇ ਦੀ ਪ੍ਰਵਾਨਗੀ ਤੋਂ ਖ਼ਾਲੀ ਹੋਣ ਵਾਲੀ ਸੀਟ ਨਾਲ 9 ਨਵੇਂ ਮੰਤਰੀ ਲੈਣ ਦੀ ਗੁੰਜਾਇਸ਼ ਹੋ ਜਾਵੇਗੀ।ਸੀਨੀਅਰ ਵਿਧਾਇਕਾਂ 'ਚ ਸੁਖਜਿੰਦਰ ਰੰਧਾਵਾ, ਸੁਖ ਸਰਕਾਰੀਆ, ਰਾਜ ਕੁਮਾਰ ਵੇਰਕਾ, ਉਮ ਪ੍ਰਕਾਸ਼ ਸੋਨੀ, ਸੰਗਤ ਸਿੰਘ ਗਿਲਜੀਆਂ, ਬਲਬੀਰ ਸਿੱਧੂ, ਸੁਰਿੰਦਰ ਡਾਵਰ, ਦਰਸ਼ਨ ਸਿੰਘ ਬਰਾੜ, ਰਣਦੀਪ ਨਾਭਾ, ਅਮਰੀਕ ਢਿਲੋਂ, ਰਾਕੇਸ਼ ਪਾਂਡੇ, ਰਾਣਾ ਗੁਰਮੀਤ ਸੋਢੀ ਸ਼ਾਮਲ ਹਨ। ਰਾਹੁਲ ਦੀ ਯੰਗ ਬ੍ਰਿਗੇਡ 'ਚੋਂ ਵਿਜੈਇੰਦਰ ਸਿੰਗਲਾ, ਕੁਜੀਤ ਨਾਗਰਾ, ਅਮਰਿੰਦਰ ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ ਤੇ ਨਵਤੇਜ ਚੀਮਾ 'ਚੋਂ ਦੋ ਦਾ ਦਾਅ ਲੱਗ ਸਕਦਾ ਹੈ।