
ਨਵੀਂ ਦਿੱਲੀ, 12 ਜਨਵਰੀ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵਲੋਂ ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਪੜਤਾਲ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਵਿਚ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੂੰ ਇਕ ਤੈਅ ਸਮਾਂ ਹੱਦ ਵਿਚ ਪੜਤਾਲ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਹੀ ਤਿੰਨ ਦਹਾਕਿਆਂ ਵਿਚ 12 ਪੜਤਾਲੀਆਂ ਕਮਿਸ਼ਨ ਤੇ ਕਮੇਟੀਆਂ ਬਣੇ ਪਰ ਅੱਜ ਤਕ ਕਿਸੇ ਇਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵਾਜਪਈ ਸਰਕਾਰ ਨੇ ਸਿੱਖਾਂ ਨੂੰ ਕਤਲੇਆਮ ਦਾ ਇਨਸਾਫ਼ ਦਿਵਾਉਣ ਦੇ ਵਾਅਦੇ ਨਾਲ ਵੋਟਾਂ ਹਾਸਲ ਕਰ ਕੇ ਸਰਕਾਰ ਬਣਾਈ ਸੀ, ਉਸੇ ਤਰ੍ਹਾਂ ਅਕਾਲੀ ਦਲ ਤੇ ਮੋਦੀ ਸਰਕਾਰ ਨੇ ਵੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਾਅਦੇ ਕੀਤੇ ਤੇ ਇਨਸਾਫ਼ ਦੋਹਾਂ ਨੇ ਨਹੀਂ ਦਿਤਾ, ਸਗੋਂ ਸਿੱਖਾਂ ਨੂੰ ਜਜ਼ਬਾਤੀ ਤੌਰ 'ਤੇ ਠੱਗਿਆ। ਉਨ੍ਹਾਂ ਕਿਹਾ ਕਿ ਇਕ ਸਿੱਖ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਐਸਆਈਟੀ ਕਾਇਮ ਕੀਤੀ ਹੈ ਪਰ ਇਸ ਦਾ ਲਾਹਾ ਵੀ ਬਾਦਲ ਦਲ ਲੈਣ ਤੋਂ ਗੁਰੇਜ਼ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਚੋਣਾਂ ਵੇਲੇ ਹੀ ਭਾਜਪਾ ਤੇ ਉਸ ਦੇ ਭਾਈਵਾਲ ਅਕਾਲੀ ਦਲ ਨੂੰ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਚੇਤੇ ਆ ਜਾਂਦਾ ਹੈ ਪਰ ਚੋਣਾਂ ਖ਼ਤਮ ਹੁੰਦੇ ਸਾਰ ਹੀ ਸੱਭ ਕੁੱਝ ਭੁੱਲ ਜਾਂਦੇ ਹਨ।