
25 ਅਗਸਤ ਦੀ ਰਾਤ ਗੇਟੇਚ ਟੈਲੇ ਪਾਰਕ ਵਿਚ ਸੈਰ ਕਰਦਿਆਂ ਮਾਰਿਆ ਸੀ ਚਾਕੂ
ਵਾਸ਼ਿੰਗਟਨ : ਅਮਰੀਕਾ 'ਚ ਪੁਲਿਸ ਨੇ ਭਾਰਤੀ ਸਿੱਖ ਬਜ਼ੁਰਗ ਦੀ ਹੱਤਿਆ ਮਾਮਲੇ 'ਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। 64 ਸਾਲਾ ਪਰਮਜੀਤ ਸਿੰਘ ਦੀ ਹੱਤਿਆ ਕੈਲੇਫ਼ੋਰਨੀਆ ਸੂਬੇ 'ਚ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ 'ਚ 21 ਸਾਲਾ ਐਂਥਨੀ ਕ੍ਰੀਟਰ ਰੋਡਜ਼ ਨੂੰ ਗ੍ਰਿਫ਼ਤਾਰ ਕੀਤਾ ਹੈ।
Paramjit Singh - File Photo
ਪਰਮਜੀਤ ਸਿੰਘ ਜਦੋਂ 25 ਅਗਸਤ ਦੀ ਰਾਤ ਲਗਭਗ 9 ਵਜੇ ਟਰੇਸੀ ਦੀ ਗੇਟੇਚ ਟੈਲੇ ਪਾਰਕ ਵਿਚ ਸੈਰ ਕਰ ਰਹੇ ਸਨ, ਉਦੋਂ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਹਮਲੇ ਵਿਚ ਗੰਭੀਰ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਮਜੀਤ ਸਿੰਘ ਦੀ ਮੌਤ ਨੇ ਟਰੇਸੀ ਸ਼ਹਿਰ ਦੇ ਸਿੱਖਾਂ ਅੰਦਰ ਰੋਸ ਪੈਦਾ ਕਰ ਦਿੱਤਾ ਹੈ।
Anthony Kreiter-Rhoads
ਪਰਮਜੀਤ ਸਿੰਘ ਤਿੰਨ ਸਾਲ ਪਹਿਲਾਂ ਭਾਰਤ ਤੋਂ ਟਰੇਸੀ ਆਏ ਸਨ। ਪਰਮਜੀਤ ਸਿੰਘ ਦੇ ਪਰਵਾਰ ਨੇ ਸ਼ੱਕੀ ਵਿਅਕਤੀ ਬਾਰੇ ਸੂਚਨਾ ਦੇਣ ਵਾਲੇ ਲਈ 20,000 ਡਾਲਰ ਇਨਾਮ ਦੀ ਪੇਸ਼ਕਸ਼ ਰੱਖੀ ਸੀ। ਪੁਲਿਸ ਅਨੁਸਾਰ ਸੀਸੀਟੀਵੀ ਕੈਮਰੇ ਵਿਚ ਇਕ ਵਿਅਕਤੀ ਦੀ ਵੀਡੀਓ ਰਿਕਾਰਡ ਹੋਈ ਸੀ, ਜੋ ਘਟਨਾ ਵੇਲੇ ਪਾਰਕ ਦੀ ਕੰਧ ਟੱਪ ਕੇ ਫ਼ਰਾਰ ਹੋਇਆ ਸੀ।