
ਨਿਊਜ਼ੀਲੈਂਡ ਇਮੀਗ੍ਰੇਸ਼ਨ ਵਲੋਂ ਵੀਜ਼ਾ ਦੇਣ ਦੀ ਠੰਢੀ ਚਾਲ ਨੇ ਵੀਜ਼ਾ ਮੰਗਣ ਵਾਲੇ ਕੀਤੇ ਤੱਤੇ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਦੁਨੀਆ ਦੇ ਇਕ ਪਾਸੇ ਵਸਦੇ ਪ੍ਰਵਾਸੀ ਪਰਵਾਰ ਅਤੇ ਦੂਜੇ ਪਾਸੇ ਵਸਦੇ ਵਾਸੀ ਪਰਵਾਰ ਦੇ ਮਿਲਾਪ ਵਾਸਤੇ ਪ੍ਰਿੰਟ ਵੀਜ਼ੇ ਜਾਂ ਈ-ਵੀਜ਼ੇ ਦਾ ਪੁੱਲ ਹੋਣਾ ਜਰੂਰੀ ਹੈ। ਇਹ ਪੁੱਲ ਕਿਤੇ ਆਉਣ ਜਾਣ ਵਾਲਿਆਂ ਦੇ ਹੱਥ ਹੁੰਦਾ ਤਾਂ ਸੈਨਾ ਸਟਾਈਲ ਦੇ ਵਿਚ ਕਦੋਂ ਦਾ ਲੋਕਾਂ ਨੇ ਬਣਾ ਲੈਣਾ ਸੀ, ਪਰ ਇਥੇ ਪੁੱਲ ਬਨਾਉਣ ਦਾ ਕੰਮ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਹੱਥ ਵਿਚ ਹੈ। ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੀਜ਼ਾ ਵਿਤਰਣ ਪ੍ਰਣਾਲੀ ਦੀ ਠੰਢੀ ਚਾਲ ਨੇ ਵੀਜ਼ਾ ਮੰਗਣ ਵਾਲੇ ਤੱਤੇ ਕਰ ਦਿਤੇ ਹਨ। ਕੁਝ ਪੜ੍ਹੇ ਲਿਖੇ ਨੌਜਵਾਨਾਂ ਨੇ ਨਿਊਜ਼ੀਲੈਂਡ ਵੀਜ਼ਾ ਡੀਲੇਜ ਵੈਬਸਾਈਟ ਹੀ ਬਣਾ ਦਿਤੀ ਹੈ ਅਤੇ ਉਥੇ ਪਾਈਆਂ ਜਾ ਰਹੀਆਂ ਪੋਸਟਾਂ ਰਾਹੀਂ ਇਹ ਗਿਣਤੀ ਕੀਤੀ ਜਾ ਰਹੀ ਹੈ ਕਿ ਹੁਣ ਤਕ ਕਿੰਨੇ ਕੁ ਲੋਕ ਵੀਜ਼ਾ ਪ੍ਰਣਾਲੀ ਦੀ ਢਿੱਲੀ ਕਾਰ ਗੁਜ਼ਾਰੀ ਤੋਂ ਪੀੜ੍ਹਤ ਹੋ ਚੁਕੇ ਹਨ।
E-Visa
ਹਰਜੀਤ ਸਿੰਘ ਬਰਾੜ ਨਾਂਅ ਦੇ ਇਕ ਨੌਜਵਾਨ ਨੇ ਜਿਥੇ ਰਾਸ਼ਟਰੀ ਮੀਡੀਆ ਦੇ ਨਾਲ ਇਹ ਸਾਰਾ ਵਾਕਿਆ ਸਾਂਝਾ ਕੀਤਾ ਹੈ ਉਥੇ ਇਸ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਤੇ ਹੋਰ ਬਹੁਤ ਸਾਰੇ ਲੋਕ ਵੀਜ਼ਾ ਸ਼੍ਰੇਣੀਆਂ ਲਈ ਨਿਰਧਾਰਤ ਸਮਾਂ ਸੀਮਾਂ ਤੋਂ ਕਿਤੇ ਲੇਟ ਚੱਲ ਰਹੇ ਹਨ। ਉਨ੍ਹਾਂ ਦੀਆਂ ਫੀਸਾਂ ਜਮ੍ਹਾ ਹੋ ਚੁੱਕੀਆਂ ਹਨ, ਹਜ਼ਾਰਾਂ ਡਾਲਰ ਫੀਸਾਂ ਜਮ੍ਹਾਂ ਕਰਵਾਉਣ ਵਾਲੇ ਸੰਭਾਵੀ ਵਿਦਿਆਰਥੀ ਵੀ ਹਨ, ਪਰ ਇਮੀਗ੍ਰੇਸ਼ਨ ਵਿਭਾਗ ਕੋਲ ਸਟਾਫ ਦੀ ਘਾਟ ਕਾਰਨ ਵੀਜ਼ਾ ਅਰਜ਼ੀਆਂ ਨੂੰ ਵੀਜ਼ਾ ਅਫਸਰ ਨਹੀਂ ਮਿਲ ਰਹੇ।
Print Visa
ਸੂਤਰਾਂ ਮੁਤਾਬਕ ਸਿਰਫ਼ ਮੁੰਬਈ ਦਫ਼ਤਰ ਹੀ ਸਾਰਾ ਭਾਰ ਚੁੱਕੀ ਫਿਰਦਾ ਹੈ ਇਸਦੇ ਉਲਟ ਵੀਜ਼ਾ ਪ੍ਰੋਸੈਸ ਜਾਂਚ-ਪੜ੍ਹਤਾਲ ਐਨੀ ਹੈ ਕਿ ਹਰੇਕ ਵਿਆਹ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਹਰਜੀਤ ਸਿੰਘ ਬਰਾੜ 6 ਸਾਲ ਤੋਂ ਇਥੇ ਹੈ ਅਤੇ ਟੈਬ ਟੈਕਨੀਸ਼ੀਅਨ ਹੈ। ਪਿਛਲੇ ਸਾਲ ਨਵੰਬਰ ਮਹੀਨੇ ਉਸਦਾ ਵਿਆਹ ਹੋਇਆ ਸੀ, ਉਸਦੀ ਪਤਨੀ ਨੂੰ ਵਿਜ਼ਟਰ ਵੀਜ਼ਾ ਤਕ ਅਜੇ ਦੇਣ ਦਾ ਫ਼ੈਸਲਾ ਨਹੀਂ ਕੀਤਾ ਗਿਆ।
Visa
ਨਵੀਂ ਬਣੀ ਵੈਬਸਾਈਟ ਉਤੇ ਹੁਣ ਤਕ 383 ਦੇ ਕਰੀਬ ਲੋਕਾਂ ਨੇ ਵੀਜ਼ਾ ਦੇਰੀ ਬਾਰੇ ਅਪਣੇ ਵਿਚਾਰ ਲਿਖ ਦਿਤੇ ਹਨ। 3 ਅਗਸਤ ਨੂੰ ਸਵੇਰੇ 11 ਵਜੇ ਔਕਲੈਂਡ ਦੇ ਓਟੀਆ ਸੁਕੇਅਰ ਵਿਖੇ ਰੋਸ ਮੁਜ਼ਾਹਰਾ ਵੀ ਕੀਤਾ ਜਾ ਰਿਹਾ ਹੈ। ਵੀਜ਼ਾ ਸਟੇਟਸ ਚੈਕ ਕਰਨ ਉਤੇ ਵੀ ਇਹੀ ਦਿਸਦਾ ਹੈ ਕਿ ਤੁਹਾਡੀ ਅਰਜ਼ੀ ਪ੍ਰੋਸੈਸ ਦੇ ਵਿਚ ਹੈ। ਨਿਊਜ਼ੀਲੈਂਡ ਇਮੀਗ੍ਰੇਸ਼ਨ ਵੀਜ਼ਾ ਪ੍ਰਣਾਲੀ ਦੇ ਵਿਚ ਜੂੰਅ ਦੀ ਤੋਰ ਤੁਰ ਰਹੇ ਵੀਜ਼ਾ ਕੇਸਾਂ ਨੂੰ ਕਿਵੇਂ ਇਮੀਗ੍ਰੇਸ਼ਨ ਗਤੀ ਬਖਸ਼ਦੀ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਗੱਲ ਸੱਚੀ ਹੈ ਕਿ ਬਿਨਾਂ ਰੋਏ ਮਾਂ ਵੀ ਦੁੱਧ ਨਹੀਂ ਦਿੰਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।