
ਜਸਪਾਲ ਸਿੰਘ ਨੇ ਦੱਸਿਆ ਕਿ ਤਿੰਨ ਮੁੱਖ ਮੁੱਦਿਆਂ ਵਿਚ ਕਰੀਬ ਪੰਜ ਸਾਲਾਂ ਤੋਂ ਭਾਰਤੀ ਜੇਲ੍ਹ ਵਿਚ ਬੰਦ ਜਗਤਾਰ ਸਿੰਘ ਜੌਹਲ ਦੀ ਰਿਹਾਈ ਅਤੇ ਵਾਪਸੀ ਦਾ ਮੁੱਦਾ ਵੀ ਸ਼ਾਮਲ ਹੈ।
ਲੰਡਨ: ਬਰਤਾਨਵੀ ਸਿੱਖਾਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ ਦੇ ਦੋ ਉਮੀਦਵਾਰ ਲਿਜ਼ ਟਰੱਸ ਅਤੇ ਰਿਸ਼ੀ ਸੁਨਕ ਨੂੰ ਵੱਖ-ਵੱਖ ਮੁੱਦਿਆਂ ਖਾਸ ਕਰਕੇ ਬ੍ਰਿਟਿਸ਼ ਸਿੱਖਾਂ ਨਾਲ ਸਬੰਧਤ ਤਿੰਨ ਮੁੱਦਿਆਂ 'ਤੇ ਆਪਣੇ ਵਿਚਾਰ ਸਪੱਸ਼ਟ ਕਰਨ ਲਈ ਪੱਤਰ ਲਿਖਿਆ ਹੈ। ਸਿੱਖ ਫੈਡਰੇਸ਼ਨ (ਯੂਕੇ) ਦੇ ਨੈਸ਼ਨਲ ਪ੍ਰੈੱਸ ਸਕੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਤਿੰਨ ਮੁੱਖ ਮੁੱਦਿਆਂ ਵਿਚ ਕਰੀਬ ਪੰਜ ਸਾਲਾਂ ਤੋਂ ਭਾਰਤੀ ਜੇਲ੍ਹ ਵਿਚ ਬੰਦ ਜਗਤਾਰ ਸਿੰਘ ਜੌਹਲ ਦੀ ਰਿਹਾਈ ਅਤੇ ਵਾਪਸੀ, ਯੂਕੇ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਦੀ ਕਥਿਤ ਅਪਮਾਨਜਨਕ ਟਿੱਪਣੀ ਅਤੇ ਬ੍ਰਿਟਿਸ਼ ਸਿੱਖਾਂ ਨੂੰ ਕੱਟੜਪੰਥੀ ਦੱਸਣ ਵਾਲੀਆਂ ਅਤੇ ਸਿੱਖ ਵਿਰੋਧੀ ਨਫ਼ਰਤ ਨੂੰ ਸੰਬੋਧਿਤ ਕਰਨ ਵਾਲੀਆਂ ਬੇਬੁਨਿਆਦ ਟਿੱਪਣੀਆਂ ਸ਼ਾਮਲ ਹਨ।
ਸਿੱਖ ਫੈਡਰੇਸ਼ਨ ਵੱਲੋਂ ਦੋਵਾਂ ਉਮੀਦਵਾਰਾਂ ਨੂੰ ਭੇਜੇ ਗਏ ਪੱਤਰ ਵਿਚ ਸਿੱਖ ਸੰਸਥਾ ਨੇ ਲਿਖਿਆ, "ਜੇ ਤੁਸੀਂ ਅਗਲੇ ਪ੍ਰਧਾਨ ਮੰਤਰੀ ਬਣਦੇ ਹੋ, ਤਾਂ ਕੀ ਤੁਹਾਡੇ ਕੋਲ ਇਕ ਨਵਾਂ ਗ੍ਰਹਿ ਸਕੱਤਰ ਹੋਵੇਗਾ ਜੋ ਗ੍ਰਹਿ ਦਫ਼ਤਰ ਦੇ ਉਚਿਤ ਪ੍ਰਸ਼ਾਸਨ ਨੂੰ ਦਰਪੇਸ਼ ਬਹੁਤ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਸਮਰੱਥ ਹੈ ਕਿਉਂਕਿ ਪ੍ਰੀਤੀ ਪਟੇਲ ਸਪੱਸ਼ਟ ਤੌਰ 'ਤੇ ਅਸਫ਼ਲ ਰਹੇ ਹਨ”।
ਸਿੱਖ ਫੈਡਰੇਸ਼ਨ (ਯੂਕੇ) ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਅੱਗੇ ਪੁੱਛਿਆ, “ਕੀ ਤੁਸੀਂ ਪ੍ਰਧਾਨ ਮੰਤਰੀ ਵਜੋਂ ਸਿੱਖ-ਵਿਰੋਧੀ ਨਫ਼ਰਤ ਨੂੰ ਉਸੇ ਤਰ੍ਹਾਂ ਸਵੀਕਾਰ ਕਰੋਗੇ ਅਤੇ ਸੰਬੋਧਿਤ ਕਰੋਗੇ ਜਿਵੇਂ ਕਿ ਯਹੂਦੀ-ਵਿਰੋਧੀ ਅਤੇ ਇਸਲਾਮੋਫੋਬੀਆ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੀ ਸਿੱਖਾਂ ਵਿਰੁੱਧ ਵਧ ਰਹੇ ਅਪਰਾਧ ਦੀ ਰਿਪੋਰਟਿੰਗ ਅਤੇ ਭਾਈਚਾਰੇ ਦੇ ਸਮਰਥਨ ਲਈ ਸਰੋਤ ਪ੍ਰਦਾਨ ਕੀਤੇ ਜਾਣਗੇ, ਤਾਂ ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਇਸ ਦਾ ਸਾਹਮਣਾ ਕਰਨ ਦੇ ਯੋਗ ਹੋਣ”।
ਪੱਤਰ ਵਿਚ ਭਾਰਤ ਵਿਚ ਬੰਦ ਜਗਤਾਰ ਸਿੰਘ ਜੌਹਲ ਦੀ ਸਜ਼ਾ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਲਿਖਿਆ, "ਕੀ ਤੁਸੀਂ ਬਰਤਾਨਵੀ ਨਾਗਰਿਕਾਂ ਦੀ ਮਨਮਾਨੀ ਨਜ਼ਰਬੰਦੀ ਬਾਰੇ ਯੂਕੇ ਸਰਕਾਰ ਦੇ ਐਲਾਨਾਂ ਅਨੁਸਾਰ ਜਗਤਾਰ ਸਿੰਘ ਦੀ ਤੁਰੰਤ ਰਿਹਾਈ ਅਤੇ ਸਕਾਟਲੈਂਡ ਵਿਚ ਉਸ ਦੇ ਪਰਿਵਾਰ ਕੋਲ ਵਾਪਸੀ ਨੂੰ ਸੁਰੱਖਿਅਤ ਕਰਨ ਲਈ ਯਤਨ ਤੇਜ਼ ਕਰੋਗੇ?"
ਦੱਸ ਦਈਏ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਵਿਦੇਸ਼ ਮੰਤਰੀ ਲਿਜ਼ ਟਰੱਸ ਅਤੇ ਭਾਰਤੀ ਮੂਲ ਦੇ ਸਾਬਕਾ ਕੌਂਸਲਰ ਰਿਸ਼ੀ ਸੂਨਕ ਵਿਚਾਲੇ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ, ਇਸ ਲਈ ਸਿੱਖ ਫੈਡਰੇਸ਼ਨ ਨੇ ਇਹ ਦੋ ਪੀਐੱਮ ਉਮੀਦਵਾਰਾਂ ਨੂੰ ਪੱਤਰ ਲਿਖਿਆ ਹੈ।