ਮ੍ਰਿਤਕ ਦੀ ਪਛਾਣ ਭੁਪਿੰਦਰ ਕੁਮਾਰ ਸੰਧੂ ਉਰਫ਼ ਬਿੰਦਾ ਪੁੱਤਰ ਰਾਮ ਦਾਸ ਸੰਧੂ ਵਾਸੀ ਪਿੰਡ ਚੱਕ ਸਾਹਬੂ ਵਜੋਂ ਹੋਈ ਹੈ।
ਜਲੰਧਰ: 10 ਦਿਨ ਪਹਿਲਾਂ ਆਸਟ੍ਰੇਲੀਆ ਗਏ ਪੰਜਾਬੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਦਰਅਸਲ ਜ਼ਿਲ੍ਹੇ ਦੇ ਪਿੰਡ ਚੱਕ ਸਾਹਬੂ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇ 48 ਸਾਲਾ ਵਿਅਕਤੀ ਨੇ ਆਸਟ੍ਰੇਲੀਆ ਵਿਚ ਵਾਪਰੇ ਸੜਕ ਹਾਦਸੇ ਵਿਚ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਭੁਪਿੰਦਰ ਕੁਮਾਰ ਸੰਧੂ ਉਰਫ਼ ਬਿੰਦਾ ਪੁੱਤਰ ਰਾਮ ਦਾਸ ਸੰਧੂ ਵਾਸੀ ਪਿੰਡ ਚੱਕ ਸਾਹਬੂ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਭੁਪਿੰਦਰ ਕੁਮਾਰ 10 ਦਿਨ ਪਹਿਲਾਂ ਹੀ ਆਸਟ੍ਰੇਲੀਆ ਦੇ ਮੈਲਬੋਰਨ ਗਿਆ ਸੀ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਭੁਪਿੰਦਰ ਆਪਣੇ ਦੋਸਤ ਨੂੰ ਮਿਲਣ ਲਈ ਵਿਕਟੋਰੀਆ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਭੁਪਿੰਦਰ ਕੁਮਾਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਭੁਪਿੰਦਰ ਕੁਮਾਰ ਉੱਘੇ ਸਮਾਜ ਸੇਵੀ ਸਨ। ਰਿਸ਼ਤੇਦਾਰਾਂ ਅਨੁਸਾਰ ਭੁਪਿੰਦਰ ਕੁਮਾਰ ਸੰਧੂ ਦਾ ਅੰਤਿਮ ਸਸਕਾਰ ਆਸਟ੍ਰੇਲੀਆ ਵਿਚ ਹੀ ਕੀਤਾ ਜਾਵੇਗਾ।