
ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ 'ਇਸਲਾਮਿਕ ਸਟੇਟ ਇਨ ਜੰਮੂ ਕਸ਼ਮੀਰ' ਨਾਲ ਸਬੰਧਤ ਦੋ ਸ਼ੱਕੀ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ............
ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ 'ਇਸਲਾਮਿਕ ਸਟੇਟ ਇਨ ਜੰਮੂ ਕਸ਼ਮੀਰ' ਨਾਲ ਸਬੰਧਤ ਦੋ ਸ਼ੱਕੀ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਵੀਰਵਾਰ ਅਤੇ ਸ਼ੁਕਰਵਾਰ ਦੀ ਦਰਮਿਆਨੀ ਰਾਤ ਨੂੰ ਲਾਲ ਕਿਲ੍ਹੇ ਲਾਗਿਉਂ ਕਸ਼ਮੀਰ ਦੇ ਰਹਿਣ ਵਾਲੇ ਦੋਹਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਦੇ ਇਸਲਾਮਿਕ ਸਟੇਟ ਦੀ ਵਿਚਾਰਧਾਰਾ ਤੋਂ ਪ੍ਰਭਾਵਤ ਅਤਿਵਾਦੀ ਜਥੇਬੰਦੀ ਆਈਐਸਜੇਕੇ ਨਾਲ ਸਬੰਧ ਸਨ। ਪੁਲਿਸ ਕਮਿਸ਼ਨਰ ਪੀ ਐਸ ਕੁਸ਼ਵਾਹਾ ਨੇ ਦਸਿਆ ਕਿ ਦੋਹਾਂ ਦੀ ਪਛਾਣ ਕਸ਼ਮੀਰ ਦੇ ਸ਼ੋਪੀਆਂ ਤੋਂ 24 ਸਾਲਾ ਪਰਵੇਜ਼ ਅਤੇ 19 ਸਾਲਾ ਜਮਸ਼ੀਦ ਵਜੋਂ ਹੋਈ ਹੈ।
ਜਦ ਇਹ ਜੰਮੂ ਕਸ਼ਮੀਰ ਵਾਪਸ ਆਉਣ ਲਈ ਬੱਸ ਫੜਨ ਵਾਲੇ ਸਨ ਤਾਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦਸਿਆ ਕਿ ਦੋਵੇਂ ਜਣੇ ਦਿੱਲੀ ਨੂੰ ਅਸਥਾਈ ਟਿਕਾਣੇ ਵਜੋਂ ਵਰਤਦੇ ਸਨ। ਪਰਵੇਜ਼ ਦਾ ਭਰਾ ਵੀ ਅਤਿਵਾਦੀ ਸੀ ਜਿਹੜਾ ਇਸ ਸਾਲ 26 ਜਨਵਰੀ ਨੂੰ ਸ਼ੋਪੀਆਂ ਵਿਚ ਮੁਕਾਬਲੇ ਵਿਚ ਮਾਰਿਆ ਗਿਆ ਸੀ। ਪਰਵੇਜ਼ ਇਸ ਵੇਲੇ ਯੂਪੀ ਦੇ ਗਜਰੌਲਾ ਤੋਂ ਐਮ ਟੈਕ ਕਰ ਰਿਹਾ ਹੈ ਅਤੇ ਉਹ ਅਪਣੇ ਭਰਾ ਤੋਂ ਪ੍ਰਭਾਵਤ ਹੋਇਆ। ਜਮਸ਼ੀਦ ਡਿਪਲੋਮੇ ਦੇ ਅੰਤਮ ਸਾਲ ਦਾ ਵਿਦਿਆਰਥੀ ਹੈ। (ਏਜੰਸੀ)