
ਆਕਸੀਜਨ ਯੰਤਰਾਂ ਦੀ ਖਰੀਦ ਲਈ ਫੰਡ ਇਕੱਠਾ ਕਰਨ ਲਈ ਸ਼ੁਰੂ ਕੀਤੀ ਐਨਜੀਓ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਡਾ. ਰੂਬੀ ਢਾਲਾ ਨੇ ਭਾਰਤੀਆਂ ਦੀ ਮਦਦ ਲਈ ਹੱਥ ਵਧਾਇਆ ਹੈ। ਦਰਅਸਲ ਡਾ. ਰੂਬੀ ਨੇ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਭਾਰਤ ਦੇ ਹਸਪਤਾਲਾਂ ਵਿਚ ਅਕਸੀਜਨ ਮਸ਼ੀਨਾਂ ਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਬਿਮਾਰਾਂ ਲਈ ਖਾਣੇ ਦੀ ਸੇਵਾ ਵੀ ਕੀਤੀ ਜਾ ਰਹੀ ਹੈ।
Ruby Dhalla
ਦੱਸ ਦਈਏ ਕਿ ਡਾ. ਰੂਬੀ ਢਾਲਾ ਨੇ ਆਕਸੀਜਨ ਯੰਤਰਾਂ ਦੀ ਖਰੀਦ ਲਈ ਫੰਡ ਇਕੱਠਾ ਕਰਨ ਲਈ ਇਕ ਐਨਜੀਓ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਦੱਸਿਆ ਕਿ ਉਹ ਕੈਨੇਡੀਅਨ ਕੰਪਨੀ ਕੋਲੋਂ ਮੋਬਾਈਲ ਆਕਸੀਜਨ ਮਸ਼ੀਨ ਖਰੀਦਣ ਸਬੰਧੀ ਭਾਰਤੀ ਹਾਈ ਕਮਿਸ਼ਨਰ ਨਾਲ ਗੱਲ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਕੱਠਾ ਕੀਤਾ ਗਿਆ ਸਾਰਾ ਫੰਡ ਬਿਮਾਰਾਂ ਅਤੇ ਲੋੜਵੰਦਾਂ ਲਈ ਖਰਚਿਆ ਜਾਵੇਗਾ।
Coronavirus
ਰੂਬੀ ਢਾਲਾ ਨੇ ਕਿਹਾ ਕਿ ਆਕਸੀਜਨ ਦੀ ਕਮੀਂ ਕਾਰਨ ਤੜਫ ਰਹੇ ਬਜ਼ੁਰਗਾਂ, ਬੱਚਿਆਂ ਅਤੇ ਮਾਪਿਆਂ ਨੂੰ ਦੇਖ ਦੇ ਮਨ ਬਹੁਤ ਦੁਖੀ ਹੁੰਦਾ ਹੈ। ਸਾਡੇ ਗੁਰੂਆਂ ਨੇ ਸਿਖਾਇਆ ਹੈ ਕਿ ਕਿਰਤ ਕਰੋ ਅਤੇ ਲੋਕਾਂ ਦੀ ਸੇਵਾ ਕਰੋ। ਮੈਂ ਅਪਣੇ ਆਪ ਨੂੰ ਸੇਵਾਦਾਰ ਸਮਝਦੇ ਹੋਏ ਇਸ ਮੁਸ਼ਕਿਲ ਘੜੀ ਵਿਚ ਮਦਦ ਕਰ ਰਹੀ ਹਾਂ।
Ruby Dhalla
ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਵਸਦੇ ਸਿੱਖ ਭੈਣ-ਭਰਾਵਾਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਜੇਕਰ ਅਸੀਂ ਕਿਸੇ ਇਕ ਦੀ ਵੀ ਜਾਨ ਬਚਾ ਲੈਂਦੇ ਹਾਂ ਤਾਂ ਸਾਡੀ ਮੁਹਿੰਮ ਸਫਲ ਹੋ ਜਾਵੇਗੀ। ਸਾਬਕਾ ਸੰਸਦ ਮੈਂਬਰ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਵੀ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।