
ਅਮਰ ਢੇਸੀ ਨੇ ਵਿਸ਼ਵ ਕੁਸ਼ਤੀ ਮੁਕਾਬਲੇ 'ਚ ਦੋ ਵਾਰ ਕਾਂਸ਼ੀ ਤਗਮਾ ਜਿੱਤ ਚੁੱਕੇ ਅਮਰੀਕਾ ਦੇ ਪਹਿਲਵਾਨ ਨਿੱਕ ਗਵਾਡਜਸਕੀ ਨੂੰ ਹਰਾਇਆ
ਟੋਰਾਂਟੋ: ਕੈਨੇਡਾ ਦੇ ਪੰਜਾਬੀ ਨੌਜਵਾਨ ਅਮਰਵੀਰ ਸਿੰਘ ਢੇਸੀ ਨੇ ਮੈਕਸੀਕੋ ਦੇ ਸ਼ਹਿਰ ਐਕਾਪੁਲਕੋ ਵਿਖੇ ਹੋਏ ਪੈਨ-ਅਮਰੀਕਨ ਰੈਸਿਲੰਗ ਚੈਂਪੀਅਨਸ਼ਿਪ 2022 ਦੇ ਕੁਸ਼ਤੀ ਮੁਕਾਬਲਿਆਂ 'ਚ 125 ਕਿੱਲੋ ਵਰਗ 'ਚ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸ ਰਚਿਆ ਹੈ। ਅਮਰ ਢੇਸੀ ਨੇ ਵਿਸ਼ਵ ਕੁਸ਼ਤੀ ਮੁਕਾਬਲੇ 'ਚ ਦੋ ਵਾਰ ਕਾਂਸ਼ੀ ਤਗਮਾ ਜਿੱਤ ਚੁੱਕੇ ਅਮਰੀਕਾ ਦੇ ਪਹਿਲਵਾਨ ਨਿੱਕ ਗਵਾਡਜਸਕੀ ਨੂੰ ਹਰਾਇਆ ਜਦਕਿ ਅਰਜਨਟੀਨਾ ਦਾ ਪਹਿਲਵਾਨ ਕੈਟਰੀਲ ਮੂਰੀਅਲ ਦੂਜੇ ਅਤੇ ਵੈਨਜ਼ੂਏਲਾ ਦਾ ਪਹਿਲਵਾਨ ਜੀਨ ਡੇਨੀਅਲ ਡਿਆਜ਼ ਤੀਸਰੇ ਸਥਾਨ 'ਤੇ ਰਿਹਾ।
ਦੱਸ ਦੇਈਏ ਕਿ ਸਰੀ ਨਿਵਾਸੀ ਅਮਰਵੀਰ ਸਿੰਘ ਢੇਸੀ ਕੈਨੇਡਾ ਦੇ ਇਤਿਹਾਸ 'ਚ ਪਹਿਲਾ ਕੈਨੇਡੀਅਨ ਪਹਿਲਵਾਨ ਹੈ, ਜਿਸ ਨੇ ਹੈਵੀਵੇਟ ਮੁਕਾਬਲਿਆਂ 'ਚ ਤਗਮਾ ਜਿੱਤਿਆ ਹੈ। ਇਹਨਾਂ ਕੁਸ਼ਤੀ ਮੁਕਾਬਲਿਆਂ 'ਚ ਕੈਨੇਡਾ, ਅਮਰੀਕਾ, ਮੈਕਸੀਕੋ, ਅਰਜਨਟੀਨਾ, ਕਿਊਬਾ, ਵੈਨਜੂਏਲਾ, ਚਿੱਲੀ, ਗੁਆਟੇਮਾਲਾ, ਪੀਰੂ, ਬਰਾਜ਼ੀਲ, ਕੋਲੰਬੀਆ, ਕੋਸਟਾ ਰੀਸਾ ਅਤੇ ਪਨਾਮਾ ਸਮੇਤ 16 ਦੇਸ਼ਾਂ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਸੀ।
ਅਮਰ ਢੇਸੀ ਖ਼ਾਲਸਾ ਰੈਸਲਿੰਗ ਕਲੱਬ ਸਰੀ ਦੇ ਸੰਸਥਾਪਕ ਅਤੇ ਜਲੰਧਰ ਦੇ ਕਿਸ਼ਨਗੜ੍ਹ ਨੇੜਲੇ ਪਿੰਡ ਸੰਗਵਾਲ ਦੇ ਬਲਵੀਰ ਸਿੰਘ ਢੇਸੀ ਸ਼ੀਰੀ ਪਹਿਲਵਾਨ ਦਾ ਪੁੱਤਰ ਹੈ। ਪੰਜਾਬੀ ਪਹਿਲਵਾਨ ਦੀ ਇਸ ਪ੍ਰਾਪਤੀ ਤੋਂ ਬਾਅਦ ਕੈਨੇਡਾ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ।