
ਪੰਜਾਬੀ ਮੂਲ ਦੀ ਪੈਮ ਗੋਸਲ ਨੂੰ ਪਹਿਲੀ ਸਿੱਖ ਔਰਤ ਹੋਣ ਦਾ ਮਾਣ ਹਾਸਲ ਹੋਇਆ ਹੈ ਜੋ ਸਕਾਟਿਸ਼ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਵਿਚ ਕਾਮਯਾਬ ਹੋਈ ਹੈ।
ਗਲਾਸਗੋ: ਸਕਾਟਲੈਂਡ ਪਾਰਲੀਮੈਂਟ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੀ ਪੈਮ ਗੋਸਲ ਨੂੰ ਪਹਿਲੀ ਸਿੱਖ ਔਰਤ ਹੋਣ ਦਾ ਮਾਣ ਹਾਸਲ ਹੋਇਆ ਹੈ ਜੋ ਸਕਾਟਿਸ਼ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਵਿਚ ਕਾਮਯਾਬ ਹੋਈ ਹੈ। ਇਸ ਤੋਂ ਬਾਅਦ ਪੈਮ ਗੋਸਲ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਅਤੇ ਮੂਲ ਮੰਤਰ ਦਾ ਜਾਪ ਕਰਕੇ ਸੰਸਦ ਮੈਂਬਰ ਦੀ ਸਹੁੰ ਚੁੱਕੀ।
Pam Gosal
ਸਹੁੰ ਚੁੱਕਣ ਤੋਂ ਬਾਅਦ ਪੈਮ ਗੋਸਲ ਨੇ ਫਤਹਿ ਬੁਲਾ ਕੇ ਗੁਟਕਾ ਸਾਹਿਬ ਨੂੰ ਮੱਥਾ ਟੇਕਿਆ। ਉਹਨਾਂ ਕਿਹਾ, ‘ਮੈਂ ਪੈਮ ਗੋਸਲ ਸਹੁੰ ਚੁੱਕਦੀ ਹਾਂ ਕਿ ਮੈਂ ਵਫ਼ਾਦਾਰ ਰਹਾਂਗੀ। ਮੈਂ ਕੁਈਨ ਐਲੀਜ਼ਾਬੈਥ ਤੇ ਉਹਨਾਂ ਦੇ ਵਾਰਸਾਂ ਵੱਲੋਂ ਬਣਾਏ ਗਏ ਸਾਰੇ ਕਾਨੂੰਨਾਂ ਦੀ ਪਾਲਣਾ ਕਰਾਂਗੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ’।
Pam Gosal
ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੰਸਦ ਨੇ ਮੂਲ ਮੰਤਰ ਦਾ ਜਾਪ ਕਰਕੇ ਅਤੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੁੱਕੀ ਹੋਵੇ। ਉਹਨਾਂ ਇਸ ਦੌਰਾਨ ਕਿਹਾ ਕਿ ਇਹ ਦਿਨ ਉਹਨਾਂ ਲਈ ਹੀ ਨਹੀਂ ਬਲਕਿ ਸਾਰੇ ਸਿੱਖਾਂ ਲਈ ਮਾਣ ਵਾਲਾ ਦਿਨ ਹੈ। ਉਹਨਾਂ ਕਿਹਾ ਕਿ ਸਹੁੰ ਚੁੱਕਣ ਤੋਂ ਪਹਿਲਾਂ ਬਾਣੀ ਦਾ ਪਾਠ ਕਰਨਾ ਮੇਰੇ ਲਈ ਮਹੱਤਵਪੂਰਣ ਸੀ।
Pam Gosal
ਦੱਸ ਦਈਏ ਕਿ ਪੈਮ ਗੋਸਲ ਵੱਲੋਂ ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਸਕਾਟਲੈਂਡ ਵਿਚ ਹੁਣ ਤੱਕ ਦੀ ਪਹਿਲੀ ਸਿੱਖ ਔਰਤ ਵਜੋਂ ਇਤਿਹਾਸ ਵਿਚ ਆਪਣਾ ਨਾਮ ਦਰਜ ਕਰਵਾਉਣ ਵਿਚ ਸਫ਼ਲ ਹੋਈ ਹੈ ਜਿਸ ਨੇ ਸਕਾਟਿਸ਼ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਪੈਮ ਵੱਲੋਂ ਸਕਾਟਿਸ਼ ਕੰਜ਼ਰਵੇਟਿਵ ਅਤੇ ਪਾਰਟੀ ਲਈ 2019 ਦੀਆਂ ਆਮ ਚੋਣਾਂ ਵਿਚ ਈਸਟਰ ਡਨਬਰਟਨਸਾਇਰ ਲਈ ਸੰਸਦ ਉਮੀਦਵਾਰ ਵਜੋਂ ਚੋਣਾਂ ਲੜੀਆਂ ਗਈਆਂ ਸਨ ਹਾਲਾਂਕਿ ਇਸ ਵਿਚ ਉਹਨਾਂ ਨੂੰ ਜਿੱਤ ਨਸੀਬ ਨਹੀਂ ਹੋਈ।
Pam Gosal
ਪੈਮ ਗੋਸਲ ਦਾ ਜਨਮ ਗਲਾਸਗੋ ਵਿਚ ਹੋਇਆ ਸੀ ਅਤੇ ਉਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਕਾਟਲੈਂਡ ਵਿਚ ਹੀ ਗੁਜ਼ਾਰਿਆ। ਪੈਮ ਗੋਸਲ ਦੀ ਜਿੱਤ ਤੋਂ ਬਾਅਦ ਪੰਜਾਬੀ ਅਤੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।