
ਅਮਰੀਕੀ ਸਿੱਖ ਆਗੂ ਕਿਰਨ ਕੌਰ ਗਿੱਲ ਨੇ ਵਧਾਇਆ ਸਿੱਖ ਕੌਮ ਦਾ ਮਾਣ
ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂ ਚੰਦਰੂ ਅਚਾਰੀਆ ਤੋਂ ਬਾਅਦ, ਭਾਰਤੀ ਮੂਲ ਦੀ ਸਿੱਖ ਕਿਰਨ ਕੌਰ ਗਿੱਲ ਨੂੰ ਯੂ.ਐਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ (DHS) ਦੀ ਫ਼ੇਥ-ਬੇਸਡ (ਧਰਮ ਅਧਾਰਿਤ) ਸੁਰੱਖਿਆ ਸਲਾਹਕਾਰ ਕੌਂਸਲ ਲਈ ਨਾਮਜ਼ਦ ਕੀਤਾ ਗਿਆ ਹੈ। ਕਿਰਨ ਕੌਰ ਗਿੱਲ ਵਾਸ਼ਿੰਗਟਨ ਵਿੱਚ ਸਥਿਤ ਇੱਕ ਸਿੱਖ-ਅਮਰੀਕਨ ਸੰਸਥਾ SALDEF (ਸਿੱਖ ਅਮੇਰਿਕਨ ਲੀਗਲ ਡਿਫ਼ੈਂਸ ਐਂਡ ਐਜੂਕੇਸ਼ਨ ਫ਼ੰਡ) ਵਿਖੇ ਖੋਜ, ਸਿੱਖਿਆ, ਨਾਗਰਿਕ ਰੁਝੇਵੇਂ ਅਤੇ ਨੌਜਵਾਨ ਲੀਡਰਸ਼ਿਪ ਨਾਲ ਸੰਬੰਧਿਤ ਪ੍ਰੋਗਰਾਮਾਂ ਦੀ ਨਿਗਰਾਨੀ ਕਰਦੀ ਹੈ।
ਇਸ ਤੋਂ ਪਹਿਲਾਂ ਉਹ SALDEF ਵੱਲੋਂ ਪਹਿਲਾਂ ਸਕੂਲਾਂ, ਕਨੂੰਨ, ਅਤੇ ਸੂਬਾ ਤੇ ਸਥਾਨਕ ਸਰਕਾਰਾਂ ਵਾਸਤੇ ਦੇਸ਼ ਭਰ ਵਿੱਚ ਸਿੱਖ ਜਾਗਰੂਕਤਾ ਸਿਖਲਾਈ ਦਾ ਆਯੋਜਨ ਕਰਨ ਵਾਲੀ ਇੱਕ ਵਲੰਟੀਅਰ ਵਜੋਂ ਕੰਮ ਕਰ ਚੁੱਕੀ ਹੈ। ਗਿੱਲ ਸਿੱਖ ਇਤਿਹਾਸ ਅਤੇ ਕੀਰਤਨ (ਧਾਰਮਿਕ ਸੰਗੀਤ) ਦੇ ਪੜ੍ਹਾਈ ਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਸਰਗਰਮੀ ਨਾਲ ਸ਼ਾਮਲ ਰਹਿੰਦੀ ਆ ਰਹੀ ਹੈ।
SALDEF ਤੋਂ ਪਹਿਲਾਂ, ਉਹ ਨਿਊ ਜਰਸੀ ਵਿੱਚ ਇੱਕ ਵਾਤਾਵਰਣ ਸਲਾਹਕਾਰ ਫ਼ਰਮ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੀ। 2014 ਵਿੱਚ, ਯੂਐਸ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਸਬੀਏ) ਵੱਲੋਂ ਉਸ ਦੀ ਚੋਣ 'ਸਮਾਲ ਬਿਜ਼ਨਸ ਪਰਸਨ ਆਫ਼ ਦ ਈਅਰ' ਵਜੋਂ ਕੀਤੀ ਗਈ ਸੀ। 2018 ਵਿੱਚ, ROI-NJ ਵੱਲੋਂ ਉਸ ਦਾ ਨਾਂਅ ਨਿਊ ਜਰਸੀ ਵਿੱਚ ਵੱਖੋ-ਵੱਖ ਭਾਈਚਾਰਿਆਂ ਵਿੱਚ 50 ਸਿਖਰਲੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਵੇਲੇ ਉਹ ਦੱਖਣ ਏਸ਼ੀਆਈ ਅਮਰੀਕੀ ਔਰਤਾਂ ਵਿੱਚ ਭਾਈਚਾਰਕ ਰੁਝੇਵਿਆਂ ਨੂੰ ਉਤਸ਼ਾਹਿਤ ਕਰਨ ਨੂੰ ਸਮਰਪਿਤ ਸੰਸਥਾ, ਇੰਸਪਾਇਰਿੰਗ ਸਾਊਥ ਏਸ਼ੀਅਨ ਅਮੇਰਿਕਨ ਵੂਮੈਨ ਦੀ ਪ੍ਰਧਾਨ ਅਤੇ ਇੱਕ ਸੰਸਥਾਪਕ ਮੈਂਬਰ ਵੀ ਸੀ।
ਧਰਮ-ਆਧਾਰਿਤ ਸੁਰੱਖਿਆ ਸਲਾਹਕਾਰ ਕੌਂਸਲ ਸਕੱਤਰ ਸਮੇਤ ਸੀਨੀਅਰ ਲੀਡਰਸ਼ਿਪ ਨੂੰ ਧਾਰਮਿਕ ਅਸਥਾਨਾਂ ਦੀ ਸੁਰੱਖਿਆ, ਅਤੇ ਧਾਰਮਿਕ ਲੋਕਾਂ ਨਾਲ ਤਾਲਮੇਲ ਸਥਾਪਿਤ ਕਰਨ ਵਰਗੇ ਮਾਮਲਿਆਂ 'ਤੇ ਸਲਾਹ ਪ੍ਰਦਾਨ ਕਰਦੀ ਹੈ। "ਧਰਮ-ਆਧਾਰਿਤ ਸੁਰੱਖਿਆ ਸਲਾਹਕਾਰ ਕੌਂਸਲ ਦੇ ਮੈਂਬਰ ਵਿਭਾਗ ਦੇ ਮਿਸ਼ਨ ਦੇ ਦਾਇਰੇ ਵਿੱਚ ਆਉਣ ਵਾਲੇ ਮਹੱਤਵਪੂਰਨ ਮੁੱਦਿਆਂ 'ਤੇ ਕੀਮਤੀ ਸੁਝਾਅ ਪ੍ਰਦਾਨ ਕਰਨਗੇ, ਜਿਹੜੇ ਸਾਡੇ ਦੇਸ਼-ਵਿਆਪੀ ਵਿਭਾਗ ਲਈ ਸਮੁੱਚੇ ਤੌਰ 'ਤੇ ਲਾਭਦਾਇਕ ਸਾਬਤ ਹੋਣਗੇ," ਸਹਾਇਕ ਸਕੱਤਰ ਬਰੈਂਡਾ ਅਬਦੇਲਾਲ ਨੇ ਕਿਹਾ।