
ਨਿਯਮਾਂ ਦੀ ਉਲੰਘਣਾ, ਵਾਰ-ਵਾਰ ਮੈਸੇਜ ਫਾਰਵਰਡ ਕਰਨ ਅਤੇ ਝੂਠੀ ਜਾਣਕਾਰੀ ਫੈਲਾਉਣ ਵਾਲਿਆਂ ਖ਼ਿਲਾਫ਼ ਹੋਈ ਕਾਰਵਾਈ
ਨਵੀਂ ਦਿੱਲੀ : ਸਰਕਾਰ ਕੋਲ ਸੂਚਨਾ ਟੈਕਨਾਲਜੀ ਨਿਯਮਾਂ ਤਹਿਤ ਭੇਜੀ ਜਾ ਰਹੀ ਮਹੀਨਾਵਾਰ ਰਿਪੋਰਟ ਮੁਤਾਬਕ ਵ੍ਹਟਸਐਪ ਦੇ ਕਰੀਬ 88 ਹਜ਼ਾਰ ਖਾਤੇ ਰੋਜ਼ ਪਾਬੰਦੀ ਦੇ ਦਾਇਰੇ ਵਿਚ ਆ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਨੂੰ ਰੈਗੂਲੇਟ ਕਰਨ ਲਈ ਬਣਾਏ ਗਏ ਨਿਯਮਾਂ ਦੇ ਅਮਲ ਵਿਚ ਆਉਣ ਤੋਂ ਬਾਅਦ ਖਾਤਿਆਂ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਪਾਬੰਦੀ ਦੇ ਦਾਇਰੇ ਵਿਚ ਲੈਣਾ ਹੁੰਦਾ ਹੈ। ਵ੍ਹਟਸਐਪ ਦੀਆਂ ਰਿਪੋਰਟਾਂ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਮਈ 2021 ਤੋਂ ਅਗਸਤ 2022 ਤੱਕ ਕਰੀਬ 2.4 ਕਰੋੜ ਯੂਜ਼ਰਸ ਦੇ ਖਾਤਿਆਂ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।
ਦਿਲਚਸਪ ਗੱਲ ਇਹ ਹੈ ਕਿ ਪਾਬੰਦੀ ਹਟਾਉਣ ਦੀ ਕਵਾਇਦ ਹੋਣ ਦੇ ਬਾਵਜੂਦ ਵੀ ਬਹੁਤ ਘੱਟ ਸ਼ਿਕਾਇਤਾਂ ਅਤੇ ਅਪੀਲਾਂ ਇਸ ਸੋਸ਼ਲ ਮੀਡਿਆ ਇੰਟਰਮੀਡੀਏਟਰੀ ਕੋਲ ਪਹੁੰਚ ਰਹੀਆਂ ਹਨ। ਮਸਲਨ 15 ਮਈ ਤੋਂ 15 ਜੂਨ 2021 ਦੀ ਪਹਿਲੀ ਰਿਪੋਰਟ ਦੇ ਮੁਤਾਬਿਕ 20 ਲੱਖ 11 ਹਜ਼ਾਰ ਤੋਂ ਜ਼ਿਆਦਾ ਖਾਤਿਆਂ 'ਤੇ ਪਾਬੰਦੀ ਲਗਾਈ ਗਈ। ਪਾਬੰਦੀ ਹਟਾਉਣ ਲਈ ਸਿਰਫ 204 ਅਪੀਲਾਂ ਹੀ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ 63 ਨੂੰ ਕਾਰਵਾਈ ਦੇ ਕਾਬਲ ਸਮਝਿਆ ਗਿਆ। ਆਈ.ਟੀ. ਨਿਯਮਾਂ ਤਹਿਤ ਜਮਾ ਕੀਤੀ ਗਈ ਤਾਜ਼ਾ ਰਿਪੋਰਟ ਨੂੰ ਦੇਖਿਆ ਜਾਵੇ ਤਾਂ 1 ਅਗਸਤ ਤੋਂ 31 ਅਗਸਤ 2022 ਤੱਕ 23 ਲੱਖ 28 ਹਜ਼ਾਰ ਖਾਤਿਆਂ 'ਤੇ ਪਾਬੰਦੀ ਲਗਾਈ ਗਈ।
ਇਨ੍ਹਾਂ ਵਿਚੋਂ 10 ਲੱਖ ਅੱਠ ਹਜ਼ਾਰ ਖਾਤੇ ਅਜਿਹੇ ਸਨ ਜਿਨ੍ਹਾਂ 'ਤੇ ਵ੍ਹਟਸਐਪ ਨੇ ਪਾਬੰਦੀ ਬਗੈਰ ਕਿਸੇ ਸ਼ਿਕਾਇਤ ਪ੍ਰਾਪਤ ਤੋਂ ਲਗਾਈ ਸੀ। ਇਹ ਟਰੇਂਡ ਜਨਵਰੀ ਤੋਂ ਲੈ ਕੇ ਅਗਸਤ ਤੱਕ ਲਗਾਤਾਰ ਦੇਖਣ ਵਿਚ ਆ ਰਿਹਾ ਹੈ। ਇਸ ਤੋਂ ਇਲਾਵਾ ਅੱਧੇ ਤੋਂ ਵੱਧ ਖਾਤੇ ਅਜਿਹੇ ਹਨ ਜੋ ਖੁਦ-ਬ-ਖੁਦ ਪਾਬੰਦੀ ਦਾ ਸ਼ਿਕਾਰ ਹੋ ਰਹੇ ਹਨ। ਵ੍ਹਟਸਐਪ ਗਰੁਪਾਂ ਵਿਚ ਬਗੈਰ ਇਜਾਜ਼ਤ ਦੇ ਸ਼ਾਮਲ ਕਰਨ ਨੂੰ ਲੈ ਕੇ ਬਹੁਤ ਸ਼ਿਕਾਇਤਾਂ ਆਈ.ਟੀ. ਵਿਭਾਗ ਨੂੰ ਮਿਲ ਰਹੀਆਂ ਹਨ।
ਯੂਜਰਜ਼ ਦਾ ਕਹਿਣਾ ਹੈ ਕਿ ਵ੍ਹਟਸਐਪ ਪਲੇਟਫਾਰਮ 'ਤੇ ਇਹ ਵਿਵਸਥਾ ਹੋਣੀ ਚਾਹੀਦੀ ਹੈ ਕਿ ਕੋਈ ਵੀ ਵਿਅਕਤੀ ਗਰੁੱਪ ਬਣਾਉਂਦੇ ਸਮੇਂ ਕਿਸੇ ਨੂੰ ਬਗੈਰ ਦੂਸਰੇ ਦੀ ਮਨਜ਼ੂਰੀ ਲਏ ਸ਼ਾਮਲ ਨਾ ਕਰ ਸਕੇ। ਅਜੇ ਤੱਕ ਇਹ ਵਿਵਸਥਾ ਹੈ ਕਿ ਗਰੁੱਪ ਵਿਚ ਸ਼ਾਮਲ ਕੀਤੇ ਜਾਨ 'ਤੇ ਕੋਈ ਵੀ ਵਿਅਕਤੀ ਚੁੱਪ ਛਾਪ ਗਰੁੱਪ ਨੂੰ ਛੱਡ ਸਕਦਾ ਹੈ। ਪਰ ਯੂਜ਼ਰਸ ਤੋਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਉਨ੍ਹਾਂ ਦਾ ਨਾਮ ਕੋਈ ਵਿਅਕਤੀ ਸ਼ਾਮਲ ਹੀ ਕਿਉਂ ਕਰਦਾ ਹੈ। ਸੂਤਰਾਂ ਅਨੁਸਾਰ ਯੂਜ਼ਰਸ ਦੀਆਂ ਇਨ੍ਹਾਂ ਸ਼ਿਕਾਇਤਾਂ ਦਾ ਹੱਲ ਕੱਢਣ ਲਈ ਆਈ.ਟੀ. ਮੰਤਰਾਲਾ ਸਰਗਰਮੀ ਨਾਲ ਵਿਚਾਰ ਮਸ਼ਵਰਾ ਕਰ ਰਿਹਾ ਹੈ।