
ਓਮੀਕਰੋਨ ਦੇ 50 ਫ਼ੀ ਸਦੀ ਮਾਮਲੇ ਅਜਿਹੇ ਹਨ ਜਿਨ੍ਹਾਂ ਨੂੰ ਪੂਰਨ ਟੀਕਾਕਰਨ ਅਤੇ ਬੂਸਟਰ ਡੋਜ਼ ਵੀ ਮਿਲ ਚੁੱਕੀ ਹੈ -ਅਧਿਕਾਰੀ
ਕਿਹਾ, ਡੈਲਟਾ ਦੇ ਮੁਕਾਬਲੇ ਓਮੀਕਰੋਨ ਵੇਰੀਐਂਟ ਦਾ ਘਰਾਂ ਵਿਚ ਫੈਲਣ ਦਾ ਡਰ ਵੱਧ
ਨਵੀਂ ਦਿੱਲੀ : ਸਰਕਾਰ ਕੋਲ ਉਪਲਬਧ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕੋਰੋਨਵਾਇਰਸ ਦੇ ਨਵੇਂ ਰੂਮ ਓਮੀਕਰੋਨ ਤੋਂ ਪ੍ਰਭਾਵਿਤ 183 ਵਿਅਕਤੀਆਂ ਵਿੱਚੋਂ ਲਗਭਗ 50 ਫ਼ੀ ਸਦੀ ਜਾਂ 87 ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਜਾ ਚੁੱਕਾ ਸੀ।
ਸਰਕਾਰੀ ਸਿਹਤ ਅਧਿਕਾਰੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਸਿਰਫ਼ ਟੀਕਾਕਰਨ ਇਸ ਮਹਾਂਮਾਰੀ ਨੂੰ ਰੋਕਣ ਲਈ ਕਾਫ਼ੀ ਨਹੀਂ ਹੈ ਸਗੋਂ ਮਾਸਕ ਅਤੇ ਸਾਵਧਾਨੀ ਦੀ ਵਰਤੋਂ ਹੀ ਇਸ ਦੇ ਫੈਲਾਅ ਦੀ ਲੜੀ ਨੂੰ ਤੋੜਨ ਦਾ ਰਾਜ਼ ਹੈ।
ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਵਲੋਂ ਭਾਰਤ ਵਿੱਚ ਪਾਏ ਗਏ 183 ਓਮੀਕਰੋਨ ਕੇਸਾਂ ਦਾ ਵਿਸ਼ਲੇਸ਼ਣ ਰਿਕਾਰਡ ਜਾਰੀ ਕੀਤਾ ਗਿਆ। ਘੱਟੋ-ਘੱਟ 96 ਓਮੀਕਰੋਨ ਕੇਸਾਂ ਵਿੱਚੋਂ (ਕੁੱਲ 183 ਵਿੱਚੋਂ) ਜਿਨ੍ਹਾਂ ਦੀ ਟੀਕਾਕਰਨ ਸਥਿਤੀ ਦੀ ਜਾਣਕਾਰੀ ਹੈ, 87 ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ ਅਤੇ ਇਨ੍ਹਾਂ ਵਿੱਚੋਂ ਤਿੰਨ ਨੂੰ ਬੂਸਟਰ ਸ਼ਾਟ ਵੀ ਲੱਗ ਚੁੱਕੇ ਹਨ। ਇਸ ਵਿਚ ਦੱਸਿਆ ਗਿਆ ਸੀ ਕਿ ਦੋ ਦਾ ਅੰਸ਼ਕ ਰੂਪ ਵਿਚ ਟੀਕਾਕਰਨ ਹੋਇਆ ਹੈ ਜਦਕਿ ਸੱਤ ਨੇ ਅਜੇ ਤਕ ਕੋਰੋਨਾ ਰੋਕੂ ਖੁਰਾਕ ਨਹੀਂ ਲਈ।
ਆਈਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਕਿ ਕਲੀਨਿਕਲ ਲੱਛਣਾਂ ਦਾ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ 70 ਪ੍ਰਤੀਸ਼ਤ ਮਰੀਜ਼ ਲੱਛਣ ਰਹਿਤ ਹਨ। ਉਨ੍ਹਾਂ ਕਿਹਾ, "ਓਮੀਕਰੋਨ ਨਾਲ ਲਾਗ ਜ਼ਰੂਰੀ ਤੌਰ 'ਤੇ ਗੰਭੀਰ ਲੱਛਣਾਂ ਵਾਲੀ ਕਲੀਨਿਕਲ ਬਿਮਾਰੀ ਦਾ ਕਾਰਨ ਨਹੀਂ ਬਣਦੀ। ਭਾਰਤ ਵਿੱਚ, ਖੋਜੇ ਗਏ ਸਾਰੇ ਮਾਮਲਿਆਂ ਵਿੱਚੋਂ ਇੱਕ ਤਿਹਾਈ ਹਲਕੇ ਲੱਛਣ ਵਾਲੇ ਸਨ ਅਤੇ ਬਾਕੀ ਅਸੈਂਪਟੋਮੈਟਿਕ ਸਨ। ਇਸ ਲਈ ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਓਮੀਕਰੋਨ ਦਾ ਇਲਾਜ ਲੱਛਣ ਵਾਲੇ ਵਿਅਕਤੀਆਂ ਵਿੱਚ ਉਹੀ ਰਹਿੰਦਾ ਹੈ।''
ਨੀਤੀ ਆਯੋਗ ਦੇ ਮੈਂਬਰ (ਸਿਹਤ) ਅਤੇ ਭਾਰਤ ਦੀ ਕੋਵਿਡ -19 ਟਾਸਕ ਫੋਰਸ ਦੇ ਮੁਖੀ ਵੀ.ਕੇ. ਪਾਲ ਨੇ ਚਿਤਾਵਨੀ ਦਿੱਤੀ ਕਿ ਕੋਰੋਨਾ ਦੇ ਡੈਲਟਾ ਦੇ ਮੁਕਾਬਲੇ ਓਮੀਕਰੋਨ ਵੇਰੀਐਂਟ ਦਾ ਘਰਾਂ ਵਿੱਚ ਫੈਲਣ ਦਾ ਡਰ ਵੱਧ ਹੈ। ਇੱਕ ਵਿਅਕਤੀ ਜੋ ਬਾਹਰੋਂ ਲਾਗ ਲਿਆਉਂਦਾ ਹੈ ਕਿਉਂਕਿ ਉਸਨੇ ਬਾਹਰੋਂ ਮਾਸਕ ਨਹੀਂ ਪਾਇਆ ਹੋਇਆ ਹੈ, ਉਹ ਘਰ ਵਿੱਚ ਦੂਜਿਆਂ ਨੂੰ ਸੰਕਰਮਿਤ ਕਰੇਗਾ। ਇਹ ਖ਼ਤਰਾ ਓਮੀਕਰੋਨ 'ਤੇ ਜ਼ਿਆਦਾ ਹੈ। ਸਾਨੂੰ ਇਸ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।