
ਦੋ ਬੱਚਿਆਂ ਦੇ ਪਿਤਾ ਦੀ ਦੁਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਅੰਮ੍ਰਿਤਸਰ: ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਕਸਬੇ ਨਾਲ ਸਬੰਧਤ 32 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਮਦਨ ਸਿੰਘ ਦੀ ਦੇਹ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ. ਸਿੰਘ ਓਬਰਾਏ ਨੇ ਦਸਿਆ ਕਿ ਦੋ ਮਸੂਮ ਬੱਚਿਆਂ ਦਾ ਪਿਤਾ ਗੁਰਪ੍ਰੀਤ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਅਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕਰੀਬ ਇਕ ਸਾਲ ਪਹਿਲਾਂ ਹੀ ਦੁਬਈ ਆਇਆ ਸੀ ਕਿ ਬੀਤੀ 24 ਅਗਸਤ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਇੰਡੀਆ ਗਠਜੋੜ ਲਈ ‘ਆਪ’ ਵਚਨਬੱਧ, ਇਸ ਤੋਂ ਕਦੀ ਵੱਖ ਨਹੀਂ ਹੋਵੇਗੀ: ਅਰਵਿੰਦ ਕੇਜਰੀਵਾਲ
ਡਾ. ਓਬਰਾਏ ਨੇ ਦਸਿਆ ਕਿ ਇਸ ਘਟਨਾ ਸਬੰਧੀ ਭਾਰਤੀ ਦੂਤਾਵਾਸ ਨੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਸੰਪਰਕ ਕਰਕੇ ਦਸਿਆ ਸੀ ਕਿ ਇਕ ਨੌਜਵਾਨ ਦਾ ਮ੍ਰਿਤਕ ਸਰੀਰ ਬਹੁਤ ਦਿਨਾਂ ਤੋਂ ਲਾਵਾਰਸ ਪਿਆ ਹੈ। ਉਨ੍ਹਾਂ ਦਸਿਆ ਕਿ ਉਕਤ ਨੌਜਵਾਨ ਸਬੰਧੀ ਸਾਰੀ ਜਾਣਕਾਰੀ ਇਕੱਤਰ ਕਰਕੇ ਉਨ੍ਹਾਂ ਅਪਣੀ ਅੰਮ੍ਰਿਤਸਰ ਟੀਮ ਨੂੰ ਕਸਬਾ ਜੰਡਿਆਲਾ ਗੁਰੂ ਵਿਖੇ ਇਸ ਨੌਜਵਾਨ ਦੇ ਘਰ ਭੇਜ ਕੇ ਇਸ ਅਣਹੋਣੀ ਸਬੰਧੀ ਬੇਖ਼ਬਰ ਉਸ ਦੇ ਵਾਰਸਾਂ ਨੂੰ ਜਾਣੂ ਕਰਵਾਇਆ ਸੀ। ਡਾ.ਓਬਰਾਏ ਨੇ ਇਹ ਵੀ ਦਸਿਆ ਕਿ ਦੁਬਈ ਅੰਦਰ ਗੁਰਪ੍ਰੀਤ ਦੇ ਰਿਸ਼ਤੇਦਾਰ ਨੂੰ ਉਸ ਦੇ ਮ੍ਰਿਤਕ ਸਰੀਰ ਦੀ ਪਹਿਚਾਣ ਕਰਵਾਉਣ ਉਪਰੰਤ ਉਨ੍ਹਾਂ ਭਾਰਤੀ ਦੂਤਾਵਾਸ ਦੇ ਸਹਿਯੋਗ ਅਤੇ ਅਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ 'ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਗੁਰਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ।
ਇਹ ਵੀ ਪੜ੍ਹੋ: ਦਾਨਿਸ਼ ਅਲੀ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਸੁਰੱਖਿਆ ਦੀ ਅਪੀਲ ਕੀਤੀ
ਉਨ੍ਹਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਦਸਿਆ ਕਿ ਗੁਰਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਕੀਤਾ ਹੈ। ਪੀੜਤ ਪ੍ਰਵਾਰ ਨਾਲ ਹਵਾਈ ਅੱਡੇ 'ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਅੰਮ੍ਰਿਤਸਰ ਟੀਮ ਵਲੋਂ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਤੇ ਖਜ਼ਾਨਚੀ ਨਵਜੀਤ ਘਈ ਨੇ ਦਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤਕ 351 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤਕ ਪਹੁੰਚਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਇਸਕੌਨ ਨੇ ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ ਨੂੰ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ
ਇਸ ਦੌਰਾਨ ਹਵਾਈ ਅੱਡੇ ’ਤੇ ਮ੍ਰਿਤਕ ਦੇਹ ਲੈਣ ਪਹੁੰਚੇ ਗੁਰਪ੍ਰੀਤ ਸਿੰਘ ਦੇ ਪਿਤਾ ਮਦਨ ਸਿੰਘ, ਚਾਚਾ ਸੁਖਦੇਵ ਸਿੰਘ,ਜੀਜਾ ਬਿਕਰਮਜੀਤ ਸਿੰਘ,ਮਨਪ੍ਰੀਤ ਸਿੰਘ, ਸਰਬਜੀਤ ਸਿੰਘ ਅਤੇ ਹੋਰਨਾਂ ਰਿਸ਼ਤੇਦਾਰਾਂ ਨੇ ਡਾ.ਐਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਦੀ ਬਦੌਲਤ ਹੀ ਉਸ ਦੇ ਛੋਟੇ-ਛੋਟੇ ਬੱਚਿਆਂ ਤੇ ਹੋਰਨਾਂ ਪ੍ਰਵਾਰਕ ਮੈਂਬਰਾਂ ਨੂੰ ਉਸ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।