ਕਿਹਾ, ਮਤਭੇਦ ਹੱਲ ਕਰਨ ਲਈ ਭਾਰਤ ਅਤੇ ਕੈਨੇਡਾ ਨੂੰ ਇਕ-ਦੂਜੇ ਨਾਲ ਗੱਲ ਕਰਨੀ ਪਵੇਗੀ
ਵਾਸ਼ਿੰਗਟਨ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੀ ਸਰਕਾਰ ਨੂੰ ਇਕ-ਦੂਜੇ ਨਾਲ ਗੱਲ ਕਰਨੀ ਹੋਵੇਗੀ ਅਤੇ ਇਹ ਵੇਖਣਾ ਹੋਵੇਗਾ ਕਿ ਉਹ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਮੌਤ ਨੂੰ ਲੈ ਕੇ ਅਪਣੇ ਮਤਭੇਦਾਂ ਨੂੰ ਕਿਸ ਤਰ੍ਹਾਂ ਹੱਲ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਤਿਵਾਦ, ਕੱਟੜਪੰਥ ਅਤੇ ਚੋਣਾਂ ’ਚ ਦਖ਼ਲਅੰਦਾਜ਼ੀ ਦੀ ‘ਇਜਾਜ਼ਤ ਦੇਣ’ ਦੇ ਸਭ ਤੋਂ ਵੱਡੇ ਮਸਲੇ ਨੂੰ ਹੱਲ ਕਰਨਾ ਹੋਵੇਗਾ।
ਵਾਸ਼ਿੰਗਟਨ ’ਚ ਸ਼ੁਕਰਵਾਰ ਨੂੰ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ’ਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਬ੍ਰਿਟਿਸ਼ ਕੋਲੰਬੀਆ ’ਚ 18 ਜੂਨ ਨੂੰ ਨਿੱਝਰ ਦੇ ਕਤਲ ’ਚ ਭਾਰਤੀ ਏਜੰਟ ਦੀ ‘ਸੰਭਾਵਤ’ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ਾਂ ਬਾਬਤ ਸੂਚਨਾ ’ਤੇ ਵਿਚਾਰ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, ‘‘ਮਾਮਲਾ ਇਹ ਹੈ ਕਿ ਕੈਨੇਡਾ ਨੇ ਕੁਝ ਦੋਸ਼ ਲਾਏ ਹਨ। ਅਸੀਂ ਉਨ੍ਹਾਂ ਨੂੰ ਦਸਿਆ ਹੈ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ, ਪਰ ਜੇਕਰ ਉਹ ਕੋਈ ਵਿਸ਼ੇਸ਼ ਸੂਚਨਾ ਅਤੇ ਕੁਝ ਵੀ ਪ੍ਰਾਸੰਗਿਕ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਤਿਆਰ ਹਨ ਤਾਂ ਅਸੀਂ ਵੀ ਉਸ ’ਤੇ ਵਿਚਾਰ ਕਰਨ ਲਈ ਤਿਆਰ ਹਾਂ। ਇਸ ਲਈ ਪੂਰਾ ਮਾਮਲਾ ਇਹ ਹੈ।’’
ਜੈਸ਼ੰਕਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਕੈਨੇਡਾ ਅਤੇ ਉਸ ਦੀ ਸਰਕਾਰ ਨਾਲ ਕੁਝ ਮਤਭੇਦ ਚਲ ਰਹੇ ਹਨ ਅਤੇ ਸਮੱਸਿਆ ਅਤਿਵਾਦ, ਕੱਟੜਪੰਥ ਅਤੇ ਚੋਣਾਂ ’ਚ ਦਖ਼ਲਅੰਦਾਜ਼ੀ ਬਾਰੇ ‘ਇਜਾਜ਼ਤ ਦੇਣ’ ਦੇ ਇਰਦ-ਗਿਰਦ ਘੁੰਮਦੀ ਹੈ। ਉਨ੍ਹਾਂ ਕਿਹਾ, ‘‘ਇਹ ਇਜਾਜ਼ਤ ਇਸ ਗੱਲ ਤੋਂ ਵੀ ਪਤਾ ਲਗਦੀ ਹੈ ਕਿ ਸਪੁਰਦਗੀ ਦੀਆਂ ਕੁਝ ਮਹੱਤਵਪੂਰਨ ਅਪੀਲਾਂ ’ਤੇ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਦਿਤਾ ਗਿਆ, ਜਦਕਿ ਕੁਝ ਅਜਿਹੇ ਲੋਕ ਅਤੇ ਸੰਗਠਨ ਹਨ ਜੋ ਭਾਰਤ ’ਚ ਸਾਫ਼ ਤੌਰ ’ਤੇ ਹਿੰਸਾ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਹਨ ਅਤੇ ਉਨ੍ਹਾਂ ਨੇ ਖ਼ੁਦ ਵੀ ਇਹ ਗੱਲ ਮੰਨੀ ਹੈ। ਮੇਰਾ ਮਤਲਬ ਹੈ ਕਿ ਇਹ ਕੋਈ ਲੁਕੀ ਗੱਲ ਨਹੀਂ ਹੈ ਅਤੇ ਉਹ ਕੈਨੇਡਾ ’ਚ ਅਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਹਨ।’’
ਵਿਦੇਸ਼ ਮੰਤਰੀ ਨੇ ਕਿਹਾ ਕਿ ਇਕ ਸਮੱਸਿਆ ਇਹ ਹੈ ਕਿ ਕੋਈ ਵੀ ਘਟਨਾ ਅਲੱਗ ਨਹੀਂ ਹੁੰਦੀ। ਉਨ੍ਹਾਂ ਕਿਹਾ, ‘‘ਉੱਥੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇਸ ਲਈ ਮੈਂ ਸੋਚਦਾ ਹਾਂ ਕਿ ਕਿਸੇ ਇਕ ਘਟਨਾ ਦੇ ਮਾਮਲੇ ਵਿਚ ਸਬੰਧਤ ਸਰਕਾਰਾਂ ਨੂੰ ਇਕ ਦੂਜੇ ਨਾਲ ਗੱਲ ਕਰਨੀ ਪਵੇਗੀ ਅਤੇ ਵੇਖਣਾ ਹੋਵੇਗਾ ਕਿ ਉਹ ਇਸ ਨੂੰ ਕਿਵੇਂ ਹੱਲ ਕਰਨਗੇ।’’ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਜੇਕ ਸੁਲੀਵਨ ਨਾਲ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ’ਤੇ ਚਰਚਾ ਕੀਤੀ।
ਉਨ੍ਹਾਂ ਕਿਹਾ, ‘‘ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੈਨੇਡਾ ’ਚ ਸਾਡੇ ਕੂਟਨੀਤਕ ਮਿਸ਼ਨਾਂ ਅਤੇ ਸਾਡੇ ਦੂਤਾਵਾਸ ਦੇ ਕਰਮਚਾਰੀਆਂ ਨੂੰ ਇਸ ਹੱਦ ਤਕ ਲਗਾਤਾਰ ਡਰਾਇਆ-ਧਮਕਾਇਆ ਗਿਆ ਹੈ ਕਿ ਅੱਜ ਉਨ੍ਹਾਂ ਲਈ ਉੱਥੇ ਕੰਮ ਕਰਨਾ ਸੁਰੱਖਿਅਤ ਨਹੀਂ ਹੈ।’’ ਵਿਦੇਸ਼ ਮੰਤਰੀ ਨੇ ਕਿਹਾ, ‘‘ਜ਼ਾਹਿਰ ਹੈ ਕਿ ਸਾਨੂੰ ਅਪਣੀਆਂ ਵੀਜ਼ਾ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨਾ ਪਿਆ, ਜੋ ਅਸੀਂ ਕਰਨਾ ਪਸੰਦ ਨਹੀਂ ਕਰਦੇ। ਉਨ੍ਹਾਂ ਨੇ ਸਾਡੇ ਲਈ ਉਨ੍ਹਾਂ ਸੇਵਾਵਾਂ ਨੂੰ ਚਲਾਉਣਾ ਬਹੁਤ ਮੁਸ਼ਕਲ ਬਣਾ ਦਿਤਾ ਹੈ।’’ ਇਸ ਤੋਂ ਪਹਿਲਾਂ ਬਲਿੰਕਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੈਨੇਡਾ ਅਤੇ ਭਾਰਤ ਇਸ ਮੁੱਦੇ ਨੂੰ ਸੁਲਝਾ ਲੈਣਗੇ।
ਬਲਿੰਕਨ ਨੇ ਕਿਹਾ, ‘‘ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਵਲੋਂ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਬਹੁਤ ਚਿੰਤਤ ਹਾਂ। ਅਸੀਂ ਇਸ ਸਬੰਧੀ ਕੈਨੇਡਾ ਦੇ ਬਹੁਤ ਨਜ਼ਦੀਕੀ ਸੰਪਰਕ ’ਚ ਹਾਂ। ਅਸੀਂ ਭਾਰਤ ਸਰਕਾਰ ਨਾਲ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਜਾਂਚ ’ਚ ਕੈਨੇਡਾ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੱਲ੍ਹ ਦੀ ਮੀਟਿੰਗ ’ਚ ਮੈਨੂੰ ਅਜਿਹਾ ਕਰਨ ਦਾ ਮੌਕਾ ਮਿਲਿਆ।’’ ਉਨ੍ਹਾਂ ਕਿਹਾ, ‘‘ਜੋ ਵੀ ਦੋਸ਼ੀ ਹੋਵੇ, ਉਸ ਨੂੰ ਜਵਾਬਦੇਹ ਠਹਿਰਾਇਆ ਜਾਵੇ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡਾ ਅਤੇ ਭਾਰਤ ’ਚ ਸਾਡੇ ਦੋਸਤ ਇਸ ਮਾਮਲੇ ਨੂੰ ਸੁਲਝਾਉਣ ਲਈ ਮਿਲ ਕੇ ਕੰਮ ਕਰਨਗੇ।’’
ਇਹ ਪੁੱਛੇ ਜਾਣ ’ਤੇ ਕਿ ਕੀ ਇਸ ਮੁੱਦੇ ਨੂੰ ਸੁਲਝਾਉਣ ਲਈ ਭਾਰਤ ਅਤੇ ਕੈਨੇਡਾ ਵਿਚਾਲੇ ਕੋਈ ਰੇੜਕਾ ਹੈ, ਜੈਸ਼ੰਕਰ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਮੈਂ ਰੇੜਕਾ ਸ਼ਬਦ ਦੀ ਵਰਤੋਂ ਕਰਾਂਗਾ ਜਾਂ ਨਹੀਂ।’’ ਉਨ੍ਹਾਂ ਕਿਹਾ ਕਿ ਭਾਰਤ ਦਾ ਮੁੱਦਾ ਇਹ ਹੈ ਕਿ ਅੱਜ ਹਿੰਸਾ ਅਤੇ ਡਰਾਉਣ-ਧਮਕਾਉਣ ਦਾ ਮਾਹੌਲ ਹੈ। ਜੈਸ਼ੰਕਰ ਨੇ ਕਿਹਾ, ‘‘ਇਸ ਬਾਰੇ ਸੋਚੋ। ਸਾਡੇ ਸਫ਼ਾਰਤਖ਼ਾਨੇ ’ਤੇ ਧੂੰਏਂ ਵਾਲੇ ਬੰਬ ਸੁੱਟੇ ਗਏ। ਸਾਡੇ ਕੌਂਸਲਖਾਨਿਆਂ ਸਾਹਮਣੇ ਹਿੰਸਾ ਕੀਤੀ ਗਈ। ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਧਮਕੀਆਂ ਦਿਤੀਆਂ ਗਈਆਂ। ਕੁਝ ਲੋਕਾਂ ਵਿਰੁਧ ਪੋਸਟਰ ਲਗਾਏ ਗਏ ਸਨ।’’
ਉਨ੍ਹਾਂ ਕਿਹਾ, ‘‘ਮੈਨੂੰ ਦੱਸੋ ਕੀ ਤੁਸੀਂ ਇਸ ਨੂੰ ਆਮ ਸਮਝਦੇ ਹੋ? ਜੇ ਇਹ ਕਿਸੇ ਹੋਰ ਦੇਸ਼ ’ਚ ਵਾਪਰਿਆ ਹੁੰਦਾ, ਤਾਂ ਉਹ ਕਿਵੇਂ ਪ੍ਰਤੀਕਿਰਿਆ ਕਰਦੇ? ਮੈਨੂੰ ਲਗਦਾ ਹੈ ਕਿ ਇਹ ਸਵਾਲ ਪੁਛਿਆ ਜਾਣਾ ਚਾਹੀਦਾ ਹੈ. ਕਨੇਡਾ ’ਚ ਜੋ ਹੋਇਆ ਉਸ ਨੂੰ ਮਾਮੂਲੀ ਨਾ ਸਮਝੋ। ਕੈਨੇਡਾ ’ਚ ਜੋ ਹੋ ਰਿਹਾ ਹੈ, ਕੀ ਕਿਤੇ ਹੋਰ ਵੀ ਅਜਿਹਾ ਹੋਇਆ ਹੈ, ਕੀ ਤੁਹਾਨੂੰ ਲਗਦਾ ਹੈ ਕਿ ਦੁਨੀਆ ਇਸ ’ਤੇ ਸੰਜਮ ਰੱਖੇਗੀ?’’
ਜੈਸ਼ੰਕਰ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਸਫ਼ੀਰਾਂ ਨੂੰ ਧਮਕਾਉਣਾ ਮਨਜ਼ੂਰ ਨਹੀਂ ਹੈ। ਵਿਦੇਸ਼ ਮੰਤਰੀ ਨੇ ਕਿਹਾ, ‘‘ਸਾਨੂੰ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਦੂਜਿਆਂ ਤੋਂ ਸਿੱਖਣ ਦੀ ਲੋੜ ਨਹੀਂ ਹੈ। ਪਰ ਅਸੀਂ ਲੋਕਾਂ ਨੂੰ ਇਹ ਦੱਸ ਸਕਦੇ ਹਾਂ। ਅਸੀਂ ਇਹ ਨਹੀਂ ਮੰਨਦੇ ਕਿ ਪ੍ਰਗਟਾਵੇ ਦੀ ਆਜ਼ਾਦੀ ਹਿੰਸਾ ਨੂੰ ਭੜਕਾਉਣ ਤਕ ਫੈਲੀ ਹੋਈ ਹੈ। ਸਾਡੇ ਲਈ ਇਹ ਆਜ਼ਾਦੀ ਦੀ ਦੁਰਵਰਤੋਂ ਹੈ। ਇਹ ਆਜ਼ਾਦੀ ਦੀ ਰਾਖੀ ਨਹੀਂ ਹੈ। ਇਕ ਸਵਾਲ ਮੈਂ ਹਮੇਸ਼ਾ ਲੋਕਾਂ ਨੂੰ ਪੁੱਛਦਾ ਹਾਂ ਕਿ ਜੇਕਰ ਤੁਸੀਂ ਮੇਰੀ ਥਾਂ ਹੁੰਦੇ ਤਾਂ ਤੁਹਾਡੀ ਪ੍ਰਤੀਕਿਰਿਆ ਕੀ ਹੁੰਦੀ? ਜੇ ਇਹ ਤੁਹਾਡੇ ਸਫ਼ੀਰ, ਤੁਹਾਡੇ ਸਫ਼ਾਰਤਖ਼ਾਨੇ, ਤੁਹਾਡੇ ਲੋਕ ਹੁੰਦੇ, ਤਾਂ ਤੁਸੀਂ ਕਿਵੇਂ ਪ੍ਰਤੀਕਿਰਿਆ ਕਰਦੇ?’’
ਜੈਸ਼ੰਕਰ ਨੇ ਕਿਹਾ ਕਿ ਜੇਕਰ ਭਾਰਤ ਨੂੰ ਕਿਸੇ ਚੀਜ਼ ’ਤੇ ਗੌਰ ਕਰਨ ਦੀ ਲੋੜ ਹੈ ਤਾਂ ਉਹ ਇਸ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਬਹਿਸ ਸਿਰਫ਼ ਇਕ ਮੁੱਦੇ ’ਤੇ ਕੇਂਦਰਿਤ ਨਹੀਂ ਹੋਣੀ ਚਾਹੀਦੀ, ਸਗੋਂ ਵੱਡੇ ਦ੍ਰਿਸ਼ ’ਤੇ ਵੀ ਚਰਚਾ ਹੋਣੀ ਚਾਹੀਦੀ ਹੈ, ਜੋ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਹੈ ਅਤੇ ਬਹੁਤ ਗੰਭੀਰ ਹੈ।
ਜੈਸ਼ੰਕਰ ਨੇ ਕਿਹਾ, ‘‘ਮੈਂ ਸੋਚ ਰਿਹਾ ਸੀ ਕਿ ਪਿਛਲੀ ਵਾਰ ਕਦੋਂ ਸਾਡਾ ਮਿਸ਼ਨ ਇੰਨਾ ਡਰਿਆ ਹੋਇਆ ਸੀ ਕਿ ਇਸ ਤੋਂ ਅਪਣਾ ਆਮ ਕੰਮ ਨਹੀਂ ਹੋ ਰਿਹਾ ਸੀ? ਮੈਨੂੰ ਸੱਚਮੁਚ ਬੀਤੇ ਸਮੇਂ ਬਾਰੇ ਸੋਚਣਾ ਪਏਗਾ। ਅਤੇ ਜੇਕਰ ਕੋਈ ਕਹਿੰਦਾ ਹੈ ਕਿ ਇਹ ਜੀ-7 ਦੇਸ਼ ’ਚ ਹੋ ਸਕਦਾ ਹੈ, ਇਕ ਰਾਸ਼ਟਰਮੰਡਲ ਦੇਸ਼ ’ਚ, ਤਾਂ ਤੁਹਾਡੇ ਕੋਲ ਸੋਚਣ ਲਈ ਬਹੁਤ ਕੁਝ ਹੈ।’’