
ਅਨੇਕਾਂ ਗੁਰਦੁਆਰਿਆਂ ਦੀ ਸਾਂਝੀ ਜਥੇਬੰਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਅਪੀਲ
ਕੋਟਕਪੂਰਾ (ਗੁਰਿੰਦਰ ਸਿੰਘ) :- ਬੀਤੀ ਰਾਤ ਅਮਰੀਕਾ-ਕੈਨੇਡਾ ਦੇ ਸਿੱਖਾਂ ਦੀ ਇੱਕ ਟੈਲੀ ਕਾਨਫਰੰਸ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੁਲਾਈ ਗਈ, ਜਿਸ ’ਚ 107 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੂੰ ਈਮੇਲ ਰਾਹੀਂ ਮਿਲੇ ਪ੍ਰੈੱਸ ਨੋਟ ਮੁਤਾਬਿਕ ਮੀਟਿੰਗ ਦੀ ਸ਼ੁਰੂਆਤ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਨੇ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਸਰਦਾਰ ਮਾਨ ਦੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਵੱਧ ਤੋਂ ਵੱਧ ਮੱਦਦ ਕਰਨ ਦੀ ਅਪੀਲ ਕੀਤੀ ਕਿਉਂਕਿ ਬਾਕੀ ਸਾਰੀਆਂ ਰਵਾਇਤੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ, ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਪੰਜਾਬ ਦੀਆਂ ਚੋਣਾਂ ’ਚ ਹਿੱਸਾ ਲੈਣ ਵਾਲੀਆਂ ਪਾਰਟੀਆਂ ’ਚੋਂ ਪੰਥਕ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੀ ਇਕੱਲੀ ਪਾਰਟੀ ਹੈ, ਇਸ ਲਈ ਸਾਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ।
Shiromani Akali Dal (Amritsar)
ਉਹਨਾ ਤੋਂ ਬਾਅਦ ਸਿੱਖ ਕਲਚਰਲ ਸੁਸਾਇਟੀ ਰਿੱਚਮੰਡ ਨਿਊਯਾਰਕ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਬੋਪਾਰਾਏ ਨੇ ਪੰਜਾਬ ਵਿਧਾਨ ਸਭਾ ’ਚ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਸ੍ਰ. ਮਾਨ ਹੀ ਸਿੱਖ ਕੌਮ ਅਤੇ ਪੰਜਾਬ ਦੇ ਭਲੇ ਲਈ ਕੁਝ ਕਰ ਸਕਦੇ ਹਨ। ਇਸੇ ਤਰਾਂ ਅਮਰੀਕਨ ਗੁਰਦੁਆਰਾ ਕਮੇਟੀ ਦੇ ਸੇਵਾਦਾਰਾਂ, ਨਿਊਜਰਸੀ ਗੁਰਦੁਆਰਿਆਂ ਦੇ ਪ੍ਰਬੰਧਕਾਂ, ਕੈਨੇਡਾ ਤੋਂ ਟਰਾਂਟੋ ਅਤੇ ਮੋਨਟਰੀਅਲ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਵੀ ਸਾਰੀ ਸਿੱਖ ਕੌਮ ਨੂੰ ਇਹੀ ਅਪੀਲ ਕੀਤੀ।
ਇਸ ਤੋਂ ਇਲਾਵਾ ਕਾਨਫਰੰਸ ’ਚ ਸ਼ਾਮਲ ਅਮਰੀਕਾ-ਕੈਨੇਡਾ ਦੇ ਸਾਰੇ ਹੀ ਨੁਮਾਇੰਦਿਆਂ ਨੇ ਸਾਂਝੇ ਤੌਰ ’ਤੇ ਸਹਿਮਤੀ ਪ੍ਰਗਟਾਉਂਦਿਆਂ, ਦੇਸ਼-ਵਿਦੇਸ਼ ’ਚ ਵਸਦੇ ਸਮੂਹ ਪੰਜਾਬੀਆਂ, ਇਨਸਾਫ ਪਸੰਦ ਲੋਕਾਂ ਤੇ ਸਿੱਖ ਸੰਗਤਾਂ ਨੂੰ ਮਾਨ ਦਲ ਦੇ ਉਮੀਦਵਾਰਾਂ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਦਾ ਸੱਦਾ ਦਿੱਤਾ।