
ਜੂਨੀਅਰ ਮਹਿਲਾ 10 ਮੀਟਰ ਏਅਰ ਰਾਈਫ਼ਲ 'ਚ ਸ਼੍ਰੇਆ ਨੇ 252.5 ਅੰਕ ਪ੍ਰਾਪਤ ਕੀਤੇ
ਇਪੋਹ (ਮਲੇਸ਼ੀਆ) : ਭਾਰਤੀ ਨਿਸ਼ਾਨੇਬਾਜ਼ ਸ਼੍ਰੇਆ ਅਗਰਵਾਲ ਨੇ ਏਸ਼ੀਆਈ ਏਅਰ ਗਨ ਚੈਂਪੀਅਨਸ਼ਿਪ 'ਚ ਜੂਨੀਅਰ ਵਰਗ ਵਿਚ ਵਿਸ਼ਵ ਰਿਕਾਰਡ ਬਣਾਇਆ। ਉਸ ਨੇ 10 ਮੀਟਰ ਏਅਰ ਰਾਈਫ਼ਲ ਜੂਨੀਅਰ ਮਹਿਲਾ ਵਰਗ 'ਚ ਸੋਨ ਤਮਗ਼ਾ ਜਿੱਤਿਆ। 18 ਸਾਲਾ ਸ਼੍ਰੇਆ ਨੇ 252.5 ਅੰਕ ਹਾਸਲ ਕੀਤੇ, ਜੋ ਵਿਸ਼ਵ ਰਿਕਾਰਡ ਹੈ। ਇਸ ਵਰਗ 'ਚ ਭਾਰਤ ਦੀ ਮੇਹੁਲ ਘੋਸ਼ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਉਸ ਨੇ 228.3 ਦਾ ਸਕੋਰ ਕੀਤਾ।
ਜੂਨੀਅਰ ਮਹਿਲਾ 10 ਮੀਟਰ ਏਅਰ ਰਾਈਫ਼ਲ ਦਾ ਵਿਸ਼ਵ ਰਿਕਾਰਡ ਹੁਣ ਤਕ ਚੀਨ ਦੀ ਰੁਓਝੂ ਝਾਓ ਦੇ ਨਾਂ ਸੀ। ਰੁਓਝੂ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਕੋਰੀਆ 'ਚ ਹੋਈ ਵਰਲਡ ਚੈਂਪੀਅਨਸ਼ਿਪ 'ਚ 252.4 ਦਾ ਸਕੋਰ ਕੀਤਾ ਸੀ। ਸ਼੍ਰੇਆ ਇਸ ਮੁਕਾਬਲੇ 'ਚ ਯਸ਼ਵਰਧਨ ਨਾਲ ਮਿਲ ਕੇ 10 ਮੀਟਰ ਏਅਰ ਰਾਈਫ਼ਲ ਮਿਕਸਡ ਟੀਮ ਦਾ ਸੋਨ ਤਮਗ਼ਾ ਪਹਿਲਾਂ ਹੀ ਜਿੱਤ ਚੁੱਕੀ ਹੈ। ਉਸ ਮੁਕਾਬਲੇ 'ਚ ਮੇਹੁਲ ਘੋਸ਼ ਅਤੇ ਕੇਵਲ ਪ੍ਰਜਾਪਤੀ ਦੇ ਭਾਰਤੀ ਜੋੜੀ ਨੇ ਕਾਂਸੀ ਦੇ ਤਮਗ਼ਾ ਜਿੱਤਿਆ ਸੀ।
ਇਸ ਤੋਂ ਪਹਿਲਾਂ 10 ਮੀਟਰ ਏਅਰ ਰਾਈਫ਼ਲ ਜੂਨੀਅਰ ਮਰਦ ਵਰਗ ਦੇ ਤਿੰਨੇ ਤਮਗ਼ੇ ਭਾਰਤੀ ਨਿਸ਼ਾਨੇਬਾਜ਼ਾਂ ਨੇ ਜਿੱਤੇ। ਭਾਰਤ ਦੇ ਯਸ਼ਵਰਧਨ ਨੇ 249.5 ਅੰਕ ਨਾਲ ਸੋਨ, ਜਸਵੰਤਭਾਈ ਕੇਵਲ ਪ੍ਰਜਾਪਤੀ ਨੇ 247.3 ਅੰਕ ਨਾਲ ਚਾਂਦੀ ਅਤੇ ਏਸ਼ਵਰਯ ਪ੍ਰਤਾਪ ਸਿੰਘ ਤੋਮਰ ਨੇ 226.1 ਅੰਕ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ। ਯਸ਼ਵਰਧਨ ਅਤੇ ਕੇਵਲ ਦਾ ਮੁਕਾਬਲੇ 'ਚ ਇਹ ਦੂਜਾ ਤਮਗ਼ਾ ਹੈ।