
ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੌਰਾਨ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ 'ਤੇ ਸ਼ਿਰਕਤ...
ਚੰਡੀਗੜ੍ਹ : ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੌਰਾਨ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਪੰਜਾਬ ਦੇ ਖਿਡਾਰੀਆਂ ਨੂੰ ਮਿਲ ਕੇ ਹੱਲਾਸ਼ੇਰੀ ਦਿਤੀ। ਅੱਜ ਹੋਏ ਮੁਕਾਬਲਿਆਂ ਵਿੱਚ ਪੰਜਾਬ ਨੇ ਦੋ ਸੋਨ ਤਮਗਿਆਂ ਸਣੇ ਕੁੱਲ 9 ਤਮਗੇ ਜਿੱਤੇ। ਬਾਸਕਟਬਾਲ ਵਿਚ ਦੋ ਸੋਨੇ ਤੇ ਇਕ ਚਾਂਦੀ, ਫੁਟਬਾਲ ਵਿੱਚ ਇਕ ਚਾਂਦੀ ਤੇ ਇਕ ਕਾਂਸੀ, ਮੁੱਕੇਬਾਜ਼ੀ ਵਿਚ ਇਕ ਚਾਂਦੀ ਤੇ ਦੋ ਕਾਂਸੀ ਅਤੇ ਤੀਰਅੰਦਾਜ਼ੀ ਵਿਚ ਇਕ ਕਾਂਸੀ ਦਾ ਤਮਗਾ ਜਿੱਤਿਆ।
Khelo India Youth Games
ਪੰਜਾਬ ਵਲੋਂ ਅੱਜ ਜਿੱਤੇ ਤਮਗਿਆਂ ਨਾਲ ਹੁਣ ਤੱਕ ਕੁੱਲ ਜਿੱਤੇ ਤਮਗਿਆਂ ਦੀ ਗਿਣਤੀ 65 ਤੱਕ ਅੱਪੜ ਗਈ ਜਿਸ ਵਿੱਚ 22 ਸੋਨੇ, 18 ਚਾਂਦੀ ਤੇ 25 ਕਾਂਸੀ ਦੇ ਤਮਗੇ ਸ਼ਾਮਲ ਹਨ। ਅੱਜ ਪੰਜਾਬ ਲਈ ਬਾਸਕਟਬਾਲ ਵਿਚ ਸੁਨਿਹਰਾ ਦਿਨ ਰਿਹਾ। ਅੰਡਰ 17 ਵਿਚ ਪੰਜਾਬ ਦੀਆਂ ਮੁੰਡਿਆਂ ਤੇ ਕੁੜੀਆਂ ਦੀਆਂ ਦੋਵੇਂ ਟੀਮਾਂ ਨੇ ਫਾਈਨਲ ਮੁਕਾਬਲਾ ਜਿੱਤਦਿਆਂ ਸੋਨੇ ਦਾ ਤਮਗਾ ਜਿੱਤਿਆ। ਰਾਣਾ ਸੋਢੀ ਨੇ ਪੰਜਾਬ ਦੀਆਂ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਮਿਲ ਕੇ ਨਿੱਜੀ ਤੌਰ 'ਤੇ ਵਧਾਈ ਦਿਤੀ।
Khelo India
ਉਨ੍ਹਾਂ ਉਪ ਜੇਤੂ ਰਹੀ ਪੰਜਾਬ ਦੀ ਫੁਟਬਾਲ ਟੀਮ ਅਤੇ ਤਮਗਾ ਜੇਤੂ ਮੁੱਕੇਬਾਜ਼ਾਂ ਨੂੰ ਵੀ ਮਿਲ ਕੇ ਵਧਾਈ ਦਿਤੀ। ਖੇਡ ਮੰਤਰੀ ਰਾਣਾ ਸੋਢੀ ਜੋ ਖ਼ੁਦ ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਰਹੇ ਹਨ, ਨੇ ਸ਼ੂਟਿੰਗ ਰੇਂਜ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਟਰੈਪ ਸ਼ੂਟਿੰਗ ਕਰ ਕੇ ਨਿਸ਼ਾਨੇਬਾਜ਼ਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਖੇਲੋ ਇੰਡੀਆ ਗੇਮਜ਼ ਵਿਚ ਪੰਜਾਬ ਦੇ ਸਟੇਟ ਸਪੋਰਟਸ ਮੈਨੇਜਰ ਸ੍ਰੀ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਬਾਸਕਟਬਾਲ ਦੇ ਅੰਡਰ 17 ਵਿਚ ਪੰਜਾਬ ਦੇ ਮੁੰਡਿਆਂ ਤੇ ਕੁੜੀਆਂ ਦੀਆਂ ਦੋਵਾਂ ਟੀਮਾਂ ਨੇ ਸੋਨੇ ਦਾ ਤਮਗਾ ਜਿੱਤਿਆ।
Rana Gumeet Singh Sodhiਮੁੰਡਿਆਂ ਦੀ ਟੀਮ ਨੇ ਫਾਈਨਲ ਵਿਚ ਰਾਜਸਥਾਨ ਨੂੰ 91-78 ਤੇ ਕੁੜੀਆਂ ਦੀ ਟੀਮ ਨੇ ਫਾਈਨਲ ਵਿਚ ਤਾਮਿਲਨਾਡੂ ਨੂੰ 76-71 ਨਾਲ ਹਰਾਇਆ। ਬਾਸਕਟਬਾਲ ਦੇ ਅੰਡਰ 21 ਵਿਚ ਮੁੰਡਿਆਂ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਅੰਡਰ 17 ਵਿਚ ਪੰਜਾਬ ਦੇ ਮੁੰਡਿਆਂ ਦੀ ਫੁਟਬਾਲ ਟੀਮ ਨੇ ਚਾਂਦੀ ਦਾ ਤਮਗਾ ਅਤੇ ਅੰਡਰ 21 ਵਿਚ ਪੰਜਾਬ ਦੇ ਮੁੰਡਿਆਂ ਦੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਅੰਡਰ 21 ਵਿਚ ਕਾਂਸੀ ਦੇ ਤਮਗੇ ਵਾਲੇ ਮੈਚ ਵਿੱਚ ਪੰਜਾਬ ਨੇ ਗੋਆ ਨੂੰ 1-0 ਨਾਲ ਹਰਾਇਆ।
Khelo India
ਮੁੱਕੇਬਾਜ਼ੀ ਦੇ ਅੰਡਰ 21 ਵਿਚ 64 ਕਿਲੋ ਵਰਗ ਵਿਚ ਹਰਪ੍ਰੀਤ ਕੌਰ ਨੇ ਚਾਂਦੀ ਤੇ 57 ਕਿਲੋ ਵਰਗ ਵਿਚ ਮਨਦੀਪ ਕੌਰ ਨੇ ਕਾਂਸੀ ਅਤੇ 69 ਕਿਲੋ ਵਰਗ ਵਿਚ ਪ੍ਰਲਾਧ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਤੀਰਅੰਦਾਜ਼ੀ ਵਿੱਚ ਅੰਡਰ 17 ਵਰਗ ਵਿਚ ਅਮਨਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ।