ਕਿਹਾ, ਜੇ ਸਰਕਾਰ ਪ੍ਰੋਗਰਾਮ ਚਲਾਉਂਦੀ ਰਹੀ, ਤਾਂ ਸਾਡੇ ਕੋਲ ਲਾਸ ਏਂਜਲਸ ਲਈ ਕੋਈ ਟੀਮ ਨਹੀਂ ਹੋਵੇਗੀ
ਸ਼ੇਟਰਾਊ: ਤਜਰਬੇਕਾਰ ਪ੍ਰਸ਼ਾਸਕ ਰਣਇੰਦਰ ਸਿੰਘ ਅਤੇ ਉੱਘੇ ਕੋਚ ਜਸਪਾਲ ਰਾਣਾ ਸਮੇਤ ਭਾਰਤੀ ਨਿਸ਼ਾਨੇਬਾਜ਼ੀ ਭਾਈਚਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਖੇਲੋ ਇੰਡੀਆ ਪ੍ਰੋਜੈਕਟ ਤੋਂ ਕੁਝ ਵੀ ਹਾਸਲ ਨਹੀਂ ਹੋ ਰਿਹਾ ਹੈ ਅਤੇ ਰਾਸ਼ਟਰੀ ਫੈਡਰੇਸ਼ਨ ਦੇ ਅਧੀਨ ਜੂਨੀਅਰ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
ਕੇਂਦਰ ਸਰਕਾਰ ਦੇ ‘ਖੇਲੋ ਇੰਡੀਆ’ ਖੇਡਾਂ ਦਾ ਰਾਹ ਪੱਧਰਾ ਕਰਨ ਲਈ ਭਾਰਤੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ (NRAI) ਦੇ ਜੂਨੀਅਰ ਪ੍ਰੋਗਰਾਮ ਨੂੰ ਬੰਦ ਕਰ ਦਿਤਾ ਗਿਆ ਸੀ।
ਪੈਰਿਸ ਓਲੰਪਿਕ 'ਚ ਦੋ ਕਾਂਸੀ ਦਾ ਤਮਗਾ ਜਿੱਤਣ ਵਾਲੀ ਮਨੂ ਭਾਕਰ ਸਮੇਤ ਕਈ ਨਿਸ਼ਾਨੇਬਾਜ਼ਾਂ ਨੂੰ ਲੰਬੇ ਤਜਰਬੇ ਦਾ ਫਾਇਦਾ ਮਿਲਿਆ ਹੈ। ਪਰ ਜਸਪਾਲ ਅਤੇ ਰਣਇੰਦਰ ਵਰਗੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਫੈਡਰੇਸ਼ਨ ਨੂੰ ਵਿਕਾਸ ਪ੍ਰੋਗਰਾਮ ਦਾ ਪੂਰਾ ਕੰਟਰੋਲ ਨਹੀਂ ਦਿਤਾ ਗਿਆ ਤਾਂ ਲਾਸ ਏਂਜਲਸ ਓਲੰਪਿਕ 2028 'ਚ ਪ੍ਰਦਰਸ਼ਨ ਚੰਗਾ ਨਹੀਂ ਹੋਵੇਗਾ।
ਰਣਇੰਦਰ ਨੇ ਕਿਹਾ, ‘‘ਜੇ ਤੁਸੀਂ ਲਾਸ ਏਂਜਲਸ ਲਈ ਇਕ ਟੀਮ ਚਾਹੁੰਦੇ ਹੋ, ਤਾਂ ਮੇਰੇ ਜੂਨੀਅਰ ਪ੍ਰੋਗਰਾਮ ਨੂੰ ਵਾਪਸ ਲਿਆਉ। NRAI ਨੂੰ ਇਸ ਨੂੰ ਚਲਾਉਣ ਦਿਉ। ਫਿਰ ਇਸ ਨੂੰ ਖੇਲੋ ਇੰਡੀਆ ਕਹੋ ਜਾਂ ਕੁਝ ਹੋਰ। ਪਰ ਜੇ ਸਰਕਾਰ ਚਲਾਉਂਦੀ ਰਹੀ, ਤਾਂ ਸਾਡੇ ਕੋਲ ਲਾਸ ਏਂਜਲਸ ਲਈ ਕੋਈ ਟੀਮ ਨਹੀਂ ਹੋਵੇਗੀ।’’
ਉਨ੍ਹਾਂ ਕਿਹਾ, ‘‘ਖੇਲੋ ਇੰਡੀਆ ਤੋਂ ਕੁਝ ਨਹੀਂ ਮਿਲ ਰਿਹਾ। ਕਿਸੇ ਵੀ ਪੱਧਰ ’ਤੇ, ਰਾਸ਼ਟਰੀ ਜਾਂ ਅੰਤਰਰਾਸ਼ਟਰੀ।’’ ਉਨ੍ਹਾਂ ਕਿਹਾ, ‘‘ਜੇ ਤੁਸੀਂ ਕਿਸੇ ਅਥਲੀਟ ਨੂੰ ਨਿਸ਼ਾਨੇਬਾਜ਼ੀ ਦੀ ਸਿਖਲਾਈ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਉਸ ਨੂੰ ਹਰ ਰੋਜ਼ ਸ਼ੂਟਿੰਗ ਲਈ 1000 ਕਾਰਤੂਸ ਨਹੀਂ ਦਿੰਦੇ। ਉਸ ਨੂੰ ਰੋਜ਼ 100 ਗੋਲੀਆਂ ਦਿਤੀਆਂ ਜਾਂਦੀਆਂ ਹਨ ਅਤੇ ਉਸ ਦੇ ਪ੍ਰਦਰਸ਼ਨ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਸਹੀ ਸਲਾਹ ਦਿਤੀ ਜਾਂਦੀ ਹੈ। ਭਾਰਤ ’ਚ ਹਰ ਕੋਈ ਕੋਚ ਹੈ।’’
ਮਨੂ ਦੇ ਨਿੱਜੀ ਕੋਚ ਅਤੇ ਸਾਬਕਾ ਰਾਸ਼ਟਰੀ ਕੋਚ ਜਸਪਾਲ ਨੇ ਕਿਹਾ, ‘‘ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਖੇਲੋ ਇੰਡੀਆ ਜੂਨੀਅਰ ਪ੍ਰੋਗਰਾਮ ਹੀ ਹੈ। ਬਸ ਕੁੱਝ ਫੈਡਰੇਸ਼ਨ ਦੇ ਹੱਥਾਂ ਤੋਂ ਸਭ ਕੁਝ ਲੈ ਕੇ ਇਸ ਨੂੰ ਖੇਲੋ ਇੰਡੀਆ ਬਣਾ ਦਿਤਾ ਗਿਆ ਹੈ।’’
ਉਨ੍ਹਾਂ ਕਿਹਾ, ‘‘ਇਹ ਕਿਵੇਂ ਸੰਭਵ ਹੈ ਕਿ ਖੇਲੋ ਇੰਡੀਆ ਤੋਂ ਮੈਡਲ ਇਕ ਸਾਲ ਦੇ ਅੰਦਰ ਆਉਣੇ ਸ਼ੁਰੂ ਹੋ ਜਾਣ। ਕਿਉਂਕਿ ਤੁਸੀਂ ਸਭ ਤੋਂ ਵਧੀਆ ਦੀ ਚੋਣ ਕੀਤੀ ਪਰ ਉਨ੍ਹਾਂ ਨੂੰ ਤਿਆਰ ਕਰਨ ’ਚ ਅੱਠ ਸਾਲ ਲੱਗ ਗਏ ਹਨ। ਜੂਨੀਅਰ ਪ੍ਰੋਗਰਾਮ ਦੁਬਾਰਾ ਸ਼ੁਰੂ ਹੋਣਾ ਚਾਹੀਦਾ ਹੈ।’’
ਪੈਰਿਸ ਓਲੰਪਿਕ 'ਚ ਨਿਸ਼ਾਨੇਬਾਜ਼ਾਂ ਨੇ ਨਾ ਸਿਰਫ 12 ਸਾਲ ਦੇ ਤਮਗੇ ਦੇ ਸੋਕੇ ਨੂੰ ਤੋੜਿਆ, ਬਲਕਿ ਤਿੰਨ ਕਾਂਸੀ ਦੇ ਤਮਗੇ ਜਿੱਤਣ ਦੇ ਮਾਮਲੇ 'ਚ ਵੀ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ।
ਰਾਣਾ ਨੇ ਪੈਰਿਸ ਮੁਹਿੰਮ ਤੋਂ ਬਾਅਦ ਵੱਡੀਆਂ ਤਬਦੀਲੀਆਂ ਨਾ ਕਰਨ ਦੀ ਚੇਤਾਵਨੀ ਦਿਤੀ, ਖ਼ਾਸਕਰ ਜਦੋਂ ਨਿਸ਼ਾਨੇਬਾਜ਼ਾਂ ਨੇ ਓਲੰਪਿਕ ਵਿਚ ਹਿੱਸਾ ਲੈਣ ਦੀ ਮਾਨਸਿਕ ਰੁਕਾਵਟ ਨੂੰ ਪਾਰ ਕਰ ਲਿਆ ਹੈ।
ਉਨ੍ਹਾਂ ਕਿਹਾ, ‘‘ਅਸੀਂ ਕਈ ਵਾਰ ਮਾਨਸਿਕ ਰੁਕਾਵਟ ਨੂੰ ਦੂਰ ਕੀਤਾ ਹੈ ਪਰ ਅਸੀਂ ਉਸੇ ਚੀਜ਼ ’ਤੇ ਟਿਕੇ ਨਹੀਂ ਰਹਿੰਦੇ। ਅਸੀਂ ਹਰ ਸਫਲ ਕਹਾਣੀ ਤੋਂ ਬਾਅਦ ਬਦਲਦੇ ਹਾਂ।’’ ਉਨ੍ਹਾਂ ਨੇ ਜੀਤੂ ਰਾਏ ਅਤੇ ਸੌਰਭ ਚੌਧਰੀ ਵਰਗੇ ਖਿਡਾਰੀਆਂ ਦਾ ਜ਼ਿਕਰ ਕਰਦਿਆਂ ਕਿਹਾ, ਜੋ ਹੁਣ ਟੀਮ ਦਾ ਹਿੱਸਾ ਨਹੀਂ ਹਨ।
ਉਨ੍ਹਾਂ ਕਿਹਾ, ‘‘ਅਭਿਨਵ ਬਿੰਦਰਾ ਨੂੰ ਪ੍ਰੋਗਰਾਮ ਕਿਉਂ ਨਹੀਂ ਚਲਾ ਸਕਦੇ? ਉਹ ਬਾਹਰ ਕਿਉਂ ਹੈ?’’ ਰਾਣਾ ਨੇ ਓਲੰਪਿਕ ’ਚ ਭਾਰਤ ਦੇ ਇਕਲੌਤੇ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਦਾ ਜ਼ਿਕਰ ਕਰਦਿਆਂ ਪੁੱਛਿਆ। ਉਨ੍ਹਾਂ ਕਿਹਾ, ‘‘ਉਹ ਵਿਅਕਤੀ ਭਾਰਤੀ ਨਿਸ਼ਾਨੇਬਾਜ਼ੀ ਭਾਈਚਾਰੇ ਲਈ ਸਭ ਤੋਂ ਵੱਡੀ ਸੰਪਤੀ ਹੋ ਸਕਦਾ ਹੈ ਪਰ ਤੁਸੀਂ ਉਸ ਨੂੰ ਇਹ ਕੰਮ ਨਹੀਂ ਦੇਵੋਗੇ। ਤੁਸੀਂ ਬਾਹਰੋਂ ਕਿਸੇ ਅਜਿਹੇ ਵਿਅਕਤੀ ਨੂੰ ਨੌਕਰੀ ’ਤੇ ਰੱਖੋਗੇ ਜੋ ਸਾਡੇ ਸਭਿਆਚਾਰ ਨੂੰ ਨਹੀਂ ਸਮਝਦਾ। ਵਿਦੇਸ਼ੀ ਕੋਚ ਠੀਕ ਹਨ ਪਰ ਉਹ ਅਪਣਾ 100 ਫੀਸਦੀ ਨਹੀਂ ਦੇਣਗੇ। ਓਲੰਪਿਕ ਤੋਂ ਬਾਅਦ ਉਨ੍ਹਾਂ ਦਾ ਇਕਰਾਰਨਾਮਾ ਖਤਮ ਹੋ ਜਾਵੇਗਾ ਅਤੇ ਉਹ ਕਿਸੇ ਹੋਰ ਦੇਸ਼ ਚਲੇ ਜਾਣਗੇ।’’
ਵਿਸ਼ਵ ਕੱਪ ਫਾਈਨਲ ’ਚ ਦੋ ਵਾਰ ਸੋਨ ਤਮਗਾ ਜੇਤੂ ਡਬਲ ਟ੍ਰੈਪ ਨਿਸ਼ਾਨੇਬਾਜ਼ ਰੰਜਨ ਸੋਢੀ ਇੱਥੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਭਵਿੱਖ ਨੂੰ ਲੈ ਕੇ ਆਸ਼ਾਵਾਦੀ ਹਨ। ਉਨ੍ਹਾਂ ਕਿਹਾ, ‘‘ਪਿਛਲੇ ਦੋ ਵਾਰੀ ਅਸੀਂ ਤਮਗਾ ਨਹੀਂ ਜਿੱਤ ਸਕੇ ਸੀ, ਇਸ ਲਈ ਉਨ੍ਹਾਂ ਨੇ ਇਸ ਵਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਨੌਜਵਾਨ ਨਿਸ਼ਾਨੇਬਾਜ਼ਾਂ ਲਈ ਵੀ ਉਤਸ਼ਾਹਜਨਕ ਹੈ ਅਤੇ ਸਾਡੇ ਕੋਲ ਚੰਗੀ ਬੈਂਚ ਸਟ੍ਰੈਂਥ ਹੈ।’’