
ਭਾਰਤੀ ਟੀਮ ਦਾ 44 ਸਾਲ ਬਾਅਦ ਸੈਮੀਫ਼ਾਈਨਲ 'ਚ ਪਹੁੰਚਣ ਅਤੇ ਮਹਿਲਾ ਹਾਕੀ ਕੱਪ ਜਿੱਤਣ ਦਾ ਸੁਪਨਾ ਆਇਰਲੈਂਡ ਨੇ ਕੁਆਟਰ ਫ਼ਾਈਨਲ 'ਚ ਤੋੜ ਦਿਤਾ ਹੈ.............
ਨਵੀਂ ਦਿੱਲੀ : ਭਾਰਤੀ ਟੀਮ ਦਾ 44 ਸਾਲ ਬਾਅਦ ਸੈਮੀਫ਼ਾਈਨਲ 'ਚ ਪਹੁੰਚਣ ਅਤੇ ਮਹਿਲਾ ਹਾਕੀ ਕੱਪ ਜਿੱਤਣ ਦਾ ਸੁਪਨਾ ਆਇਰਲੈਂਡ ਨੇ ਕੁਆਟਰ ਫ਼ਾਈਨਲ 'ਚ ਤੋੜ ਦਿਤਾ ਹੈ। ਆਇਰਲੈਂਡ ਨੇ ਸ਼ੂਟਆਊਟ 'ਚ ਭਾਰਤ ਨੂੰ 3-1 (0-0) ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ।
ਲੰਡਨ 'ਚ ਖੇਡੇ ਗਏ ਇਸ ਮੁਕਾਬਲੇ 'ਚ ਨਿਰਧਾਰਤ ਸਮੇਂ ਤਕ ਕੋਈ ਗੋਲ ਨਹੀਂ ਹੋ ਸਕਿਆ ਅਤੇ ਨਤੀਜੇ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ, ਜਿਸ 'ਚ ਆਇਰਲੈਂਡ ਨੇ ਬਾਜ਼ੀ ਮਾਰ ਲਈ।
ਭਾਰਤ ਅਤੇ ਆਇਰਲੈਂਡ ਦੀਆਂ ਟੀਮਾਂ ਨੇ ਕੁਆਟਰ ਫ਼ਾਈਨਲ 'ਚ ਚੰਗਾ ਡਿਫ਼ੈਂਸ ਦਿਖਾਇਆ ਅਤੇ ਨਿਰਧਾਰਤ ਸਮੇਂ ਤਕ ਕੋਈ ਗੋਲ ਨਹੀਂ ਹੋ ਸਕਿਆ। ਦੋਵੇਂ ਹੀ ਟੀਮਾਂ ਨੇ ਕੋਸ਼ਿਸ਼ਾਂ ਤਾਂ ਕੀਤੀਆਂ ਪਰ ਸਫ਼ਲਤਾ ਨਹੀਂ ਮਿਲ ਸਕੀ। ਸ਼ੂਟਆਊਟ 'ਚ ਭਾਰਤੀ ਗੋਲਕੀਪਰ ਸਵਿਤਾ ਨੇ ਆਇਰਲੈਂਡ ਦੀ ਪਹਿਲੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿਤਾ। ਫਿਰ ਭਾਰਤੀ ਕੈਪਟਨ ਰਾਣੀ ਵੀ ਪਹਿਲੀ ਕੋਸ਼ਿਸ਼ 'ਚ ਗੋਲ ਨਹੀਂ ਕਰ ਸਕੀ। ਦੂਜੀ ਕੋਸ਼ਿਸ਼ 'ਚ ਵੀ ਦੋਵੇਂ ਟੀਮਾਂ ਅਸਫ਼ਲ ਰਹੀਆਂ। ਇਸ ਤੋਂ ਬਾਅਦ ਆਇਰਲੈਂਡ ਨੇ ਅਪਣੀਆਂ ਆਖ਼ਰੀ ਤਿੰਨ ਕੋਸ਼ਿਸ਼ਾਂ 'ਚ ਗੋਲ ਕੀਤੇ ਪਰ ਭਾਰਤ ਲਈ ਰੀਨਾ ਨੇ ਹੀ ਚੌਥੀ ਕੋਸ਼ਿਸ਼ 'ਚ ਗੋਲ ਕੀਤਾ।
ਜ਼ਿਕਰਯੋਗ ਹੈ ਕਿ ਭਾਰਤ ਨੇ ਇਟਲੀ ਨੂੰ ਕ੍ਰਾਸਓਵਰ ਮੈਚ 'ਚ 3-0 ਨਾਲ ਹਰਾ ਕੇ ਕੁਆਟਰ ਫ਼ਾਈਨਲ 'ਚ ਜਗ੍ਹਾ ਬਣਾਈ ਸੀ। ਦੁਨੀਆ ਦੀ 16ਵੇਂ ਨੰਬਰ ਦੀ ਟੀਮ ਆਇਰਲੈਂਡ ਨੇ ਅਮਰੀਕਾ ਨੂੰ 3-1 ਅਤੇ ਭਾਰਤ ਨੂੰ 1-0 ਨਾਲ ਹਰਾ ਕੇ ਪਹਿਲਾਂ ਹੀ ਇਤਿਹਾਸ ਰਚ ਦਿਤਾ ਹੈ। ਭਾਰਤੀ ਟੀਮ ਨੇ ਇੰਗਲੈਂਡ ਅਤੇ ਅਮਰੀਕਾ ਤੋਂ 1-1 ਨਾਲ ਡਰਾਅ ਖੇਡਿਆ ਅਤੇ ਆਇਰਲੈਂਡ ਤੋਂ 0-1 ਨਾਲ ਹਾਰ ਗਈ।
ਆਇਰਲੈਂਡ ਨੇ ਇੱਥੇ ਪੂਲ ਪੜਾਅ 'ਚ ਹਰਾਉਣ ਤੋਂ ਪਹਿਲਾਂ ਭਾਰਤ ਨੂੰ ਪਿਛਲੇ ਸਾਲ ਜੋਹਾਨਿਸਬਰਗ 'ਚ ਹਾਕੀ ਵਿਸ਼ਵ ਲੀਗ ਸੈਮੀਫ਼ਾਈਨਲ ' 2-1 ਨਾਲ ਹਰਾਇਆ ਸੀ। ਦੱਸਣਯੋਗ ਹੈ ਕਿ ਭਾਰਤੀ ਟੀਮ ਸਿਰਫ ਇਕ ਵਾਰ ਹੀ ਵਿਸ਼ਵ ਕੱਪ ਅੰਤਿਮ-4 'ਚ ਪਹੁੰਚ ਸਕੀ ਹੈ। ਭਾਰਤੀ ਟੀਮ ਇਸ ਤੋਂ ਪਹਿਲਾਂ 1974 'ਚ ਫ਼ਰਾਂਸ 'ਚ ਹੋਏ ਵਿਸ਼ਵ ਕੱਪ 'ਚ ਸੈਮੀਫ਼ਾਈਨਲ 'ਚ ਪਹੁੰਚੀ ਸੀ ਅਤੇ ਟੂਰਨਾਮੈਂਟ 'ਚ ਚੌਥੇ ਸਥਾਨ 'ਤੇ ਰਹੀ ਸੀ। (ਏਜੰਸੀ)