
ਮਿਕਸਡ ਟੀਮ ਕੰਪਾਊਂਡ ਈਵੈਂਟ ’ਚ ਜੋਤੀ ਤੇ ਓਜਸ ਨੇ ਰੌਸ਼ਨ ਕੀਤਾ ਦੇਸ਼ ਦਾ ਨਾਂਅ
ਹਾਂਗਜ਼ੂ: ਭਾਰਤੀ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ ਅਤੇ ਓਜਸ ਦਿਓਤਾਲੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੁਧਵਾਰ ਨੂੰ ਇਥੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿਚ ਏਸ਼ੀਆਈ ਖੇਡਾਂ ਦਾ ਤੀਰਅੰਦਾਜ਼ੀ ਵਿਚ ਦੂਜਾ ਸੋਨ ਤਮਗ਼ਾ ਜਿੱਤਿਆ।
ਚੋਟੀ ਦੀਆਂ ਦੋ ਜੋੜੀਆਂ ਵਿਚਕਾਰ ਹੋਏ ਫਾਈਨਲ ਵਿਚ ਭਾਰਤੀ ਜੋੜੀ ਨੇ ਬਹੁਤ ਹੀ ਰੋਮਾਂਚਕ ਅਤੇ ਕਰੀਬੀ ਮੁਕਾਬਲੇ ਵਿਚ ਦੱਖਣੀ ਕੋਰੀਆ ਦੀ ਜੋੜੀ ਨੂੰ 159-158 ਨਾਲ ਹਰਾਇਆ। ਇਸ ਤੋਂ ਪਹਿਲਾਂ ਸੈਮੀਫਾਈਨਲ 'ਚ ਭਾਰਤੀ ਜੋੜੀ ਨੇ ਐਡੇਲੇ ਜ਼ੇਸ਼ੇਨਬਿਨੋਵਾ ਅਤੇ ਆਂਦਰੇ ਟਿਊਟਿਊਨ ਦੀ ਕਜ਼ਾਕਿਸਤਾਨ ਦੀ ਜੋੜੀ ਵਿਰੁਧ 159-154 ਅੰਕਾਂ ਦੀ ਨਾਲ ਜਿੱਤ ਦਰਜ ਕਰਕੇ ਖਿਤਾਬੀ ਮੁਕਾਬਲੇ 'ਚ ਪ੍ਰਵੇਸ਼ ਕੀਤਾ ਸੀ।