
ਧੋਨੀ ਨੇ 21 ਵਿਸ਼ਵ ਕੱਪ ਮੈਚਾਂ 'ਚ ਵਿਕਟ ਦੇ ਪਿੱਛੇ 33 ਸ਼ਿਕਾਰ ਕੀਤੇ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਨੂੰ ਬੁਲੰਦੀਆਂ 'ਤੇ ਲਿਜਾਉਣ ਵਾਲੇ ਮਹਿੰਦਰ ਸਿੰਘ ਧੋਨੀ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੋ ਗਿਆ ਹੈ। ਕ੍ਰਿਕਟ ਵਿਸ਼ਵ ਕੱਪ 2019 ਦੇ ਆਪਣੇ ਪਹਿਲੇ ਮੁਕਾਲਬੇ 'ਚ ਧੋਨੀ ਨੇ ਨਿਊਜ਼ੀਲੈਂਡ ਦੇ ਸਾਬਕਾ ਵਿਕਟਕੀਪਰ ਬਰੈਂਡਨ ਮੈਕੁਲਮ ਨੂੰ ਪਿੱਛੇ ਛੱਡ ਦਿੱਤਾ ਹੈ। ਧੋਨੀ ਨੇ ਲਿਸਟ 'ਏ' ਕ੍ਰਿਕਟ 'ਚ 139 ਸਟੰਪਿੰਗ ਪੂਰੀ ਕਰ ਲਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਮੋਇਨ ਖ਼ਾਨ ਦੇ 139 ਸਟੰਪਿੰਗ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
MS Dhoni
ਵਿਕਟ ਦੇ ਪਿੱਛੇ ਬਿਜਲੀ ਵਾਂਗ ਤੇਜ਼ੀ ਵਿਖਾਉਣ ਵਾਲੇ ਧੋਨੀ 21 ਵਿਸ਼ਵ ਕੱਪ ਮੈਚਾਂ 'ਚ ਵਿਕਟ ਦੇ ਪਿੱਛੇ 33 ਸ਼ਿਕਾਰ ਕਰ ਚੁੱਕੇ ਹਨ। ਅਜਿਹਾ ਕਰ ਕੇ ਮੈਕੁਲਮ ਦੇ 32 ਖਿਡਾਰੀਆਂ ਨੂੰ ਆਊਟ ਕਰਨ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਮਾਮਲੇ 'ਚ ਧੋਨੀ ਤੀਜੇ ਨੰਬਰ 'ਤੇ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਮੈਕੁਲਮ ਨੇ ਵਿਸ਼ਵ ਕੱਪ ਦੇ 34 ਮੈਚਾਂ 'ਚ 32 ਖਿਡਾਰੀ ਆਊਟ ਕੀਤੇ ਹਨ।
MS Dhoni
ਧੋਨੀ ਦੇ 33 ਆਊਟ 'ਚ 27 ਕੈਚ ਅਤੇ 6 ਸਟੰਪਿੰਗ ਸ਼ਾਮਲ ਹੈ। ਵਿਸ਼ਵ ਕੱਪ 'ਚ ਬਤੌਰ ਵਿਕਟਕੀਪਰ ਸੱਭ ਤੋਂ ਵੱਧ ਖਿਡਾਰੀਆਂ ਨੂੰ ਆਊਟ ਕਰਨ ਦੇ ਮਾਮਲੇ 'ਚ ਸ੍ਰੀਲੰਕਾ ਦੇ ਸਾਬਕਾ ਖਿਡਾਰੀ ਕੁਮਾਰ ਸੰਗਾਕਾਰ ਨੰਬਰ-1 'ਤੇ ਹਨ। ਉਨ੍ਹਾਂ ਨੇ ਵਿਸ਼ਵ ਕੱਪ 'ਚ ਕੁਲ 37 ਮੈਚ ਖੇਡੇ ਹਨ, ਜਿਨ੍ਹਾਂ 'ਚ ਕੁਲ 54 ਖਿਡਾਰੀ ਦੇ ਸ਼ਿਕਾਰ ਕੀਤੇ ਹਨ। ਇਨ੍ਹਾਂ 'ਚ 41 ਕੈਚ ਅਤੇ 13 ਸਟੰਪ ਸ਼ਾਮਲ ਹਨ।
Kumar Sangakkara - Adam Gilchrist
ਇਸ ਮਾਮਲੇ 'ਚ ਦੂਜਾ ਨਾਂ ਆਸਟ੍ਰੇਲੀਆ ਦੇ ਸਾਬਕਾ ਵਿਕਟ ਕੀਪਰ ਐਡਮ ਗਿਲਕ੍ਰਿਸਟ ਦਾ ਹੈ। ਗਿਲਕ੍ਰਿਸ਼ਟ ਨੇ ਕੁਲ 52 ਸ਼ਿਕਾਰ ਕੀਤੇ ਹਨ, ਜਿਨ੍ਹਾਂ 'ਚ 45 ਕੈਚ ਅਤੇ 7 ਸਟੰਪ ਸ਼ਾਮਲ ਹਨ।