
ਜੇਕਰ ਸ਼ੁਭਮਨ ਗਿੱਲ ਇਸ ਮੈਚ ਤੋਂ ਬਾਹਰ ਹੁੰਦੇ ਹਨ ਤਾਂ ਈਸ਼ਾਨ ਕਿਸ਼ਨ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ।
ਚੇਨਈ: ਆਸਟ੍ਰੇਲੀਆ ਵਿਰੁਧ ਵਨਡੇ ਵਿਸ਼ਵ ਕੱਪ ਦੇ ਪਹਿਲੇ ਮੈਚ ਤੋਂ ਪਹਿਲਾਂ ਭਾਰਤ ਦੀਆਂ ਚਿੰਤਾਵਾਂ ਉਸ ਸਮੇਂ ਵੱਧ ਗਈਆਂ ਜਦੋਂ ਫਾਰਮ ਵਿਚ ਚੱਲ ਰਹੇ ਸ਼ੁਭਮਨ ਗਿੱਲ ਦੀ ਸਿਹਤ ਵਿਗੜ ਗਈ ਅਤੇ ਐਤਵਾਰ ਨੂੰ ਹੋਣ ਵਾਲੇ ਮੈਚ ਵਿਚ ਉਨ੍ਹਾਂ ਦੇ ਖੇਡਣ ਨੂੰ ਲੈ ਕੇ ਖਦਸ਼ਾ ਬਰਕਰਾਰ ਹੈ। ਜੇਕਰ ਸ਼ੁਭਮਨ ਗਿੱਲ ਇਸ ਮੈਚ ਤੋਂ ਬਾਹਰ ਹੁੰਦੇ ਹਨ ਤਾਂ ਈਸ਼ਾਨ ਕਿਸ਼ਨ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ।
ਹਾਲ ਹੀ ਦੇ ਸਮੇਂ 'ਚ ਵਨਡੇ ਕ੍ਰਿਕਟ 'ਚ ਭਾਰਤ ਦੇ ਸੱਭ ਤੋਂ ਸਫਲ ਬੱਲੇਬਾਜ਼ ਸ਼ੁਭਮਨ ਗਿੱਲ ਕਥਿਤ ਤੌਰ 'ਤੇ ਤੇਜ਼ ਬੁਖਾਰ ਤੋਂ ਪੀੜਤ ਹਨ ਅਤੇ ਸੂਤਰਾਂ ਅਨੁਸਾਰ ਉਨ੍ਹਾਂ ਦਾ ਡੇਂਗੂ ਟੈਸਟ ਪਾਜ਼ੇਟਿਵ ਆਇਆ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਸੂਤਰ ਨੇ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਦਸਿਆ, “ਸ਼ੁਭਮਨ ਨੂੰ ਚੇਨਈ ਆਉਣ ਤੋਂ ਬਾਅਦ ਤੋਂ ਤੇਜ਼ ਬੁਖਾਰ ਹੈ। ਉਸ ਦਾ ਟੈਸਟ ਕੀਤਾ ਗਿਆ ਹੈ। ਅੱਜ ਹੋਰ ਟੈਸਟ ਕਰਵਾਏ ਜਾਣਗੇ ਅਤੇ ਫਿਰ ਪਹਿਲੇ ਮੈਚ 'ਚ ਉਸ ਦੇ ਖੇਡਣ ਬਾਰੇ ਫੈਸਲਾ ਲਿਆ ਜਾਵੇਗਾ”। ਡੇਂਗੂ ਤੋਂ ਠੀਕ ਹੋਣ ਲਈ ਮਰੀਜ਼ ਨੂੰ ਆਮ ਤੌਰ 'ਤੇ ਸੱਤ ਤੋਂ 10 ਦਿਨ ਲੱਗ ਜਾਂਦੇ ਹਨ।