
ਸ਼ੁਭਮਨ ਗਿੱਲ ਨੂੰ ਸਾਲ ਦੇ ਤਿੰਨ ਕਰੋੜ ਰੁਪਏ ਮਿਲਣਗੇ
ਚੰਡੀਗੜ੍ਹ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਕਤੂਬਰ 2022 ਤੋਂ ਸਤੰਬਰ 2023 ਲਈ ਖਿਡਾਰੀਆਂ ਦੇ ਸਾਲਾਨਾ ਇਕਰਾਰਨਾਮੇ ਦਾ ਐਲਾਨ ਕੀਤਾ ਹੈ। ਇਸ ਦੇ ਲਈ ਜਾਰੀ ਕੀਤੀ ਗਈ 26 ਖਿਡਾਰੀਆਂ ਦੀ ਸੂਚੀ ਵਿਚ ਪੰਜਾਬ ਦੇ ਦੋ ਖਿਡਾਰੀ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਦੇ ਨਾਂ ਵੀ ਸ਼ਾਮਲ ਹਨ। ਦੋਵੇਂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਇਹਨਾਂ ਨੂੰ ਕਰਾਰ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 6 ਕਰੋੜ PF ਖਾਤਾਧਾਰਕਾਂ ਲਈ ਖੁਸ਼ਖ਼ਬਰੀ! ਹੁਣ Provident Fund ’ਤੇ ਮਿਲੇਗਾ 8.15% ਵਿਆਜ
ਮੁਹਾਲੀ ਦੇ ਰਹਿਣ ਵਾਲੇ ਸ਼ੁਭਮਨ ਗਿੱਲ ਨੂੰ ਸੀ ਗ੍ਰੇਡ ਤੋਂ ਤਰੱਕੀ ਦੇ ਬੀ ਗ੍ਰੇਡ ਵਿਚ ਰੱਖਿਆ ਗਿਆ ਹੈ। ਸ਼ੁਭਮਨ ਗਿੱਲ ਨੂੰ ਸਾਲ ਦੇ ਤਿੰਨ ਕਰੋੜ ਰੁਪਏ ਮਿਲਣਗੇ। ਇਹਨੀਂ ਦਿਨੀਂ ਸ਼ੁਭਮਨ ਆਈਪੀਐਲ ਸੀਜ਼ਨ ਵਿਚ ਗੁਜਰਾਤ ਟਾਈਟੰਸ ਟੀਮ ਨਾਲ ਖੇਡਦੇ ਹੋਏ ਨਜ਼ਰ ਆਉਣਗੇ। ਉਧਰ ਅਰਸ਼ਦੀਪ ਸਿੰਘ ਨੂੰ ਪਹਿਲੀ ਵਾਰ ਬੀਸੀਸੀਆਈ ਨੇ ਕਰਾਰ ਕੀਤੇ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਉਹਨਾਂ ਨੂੰ ਸੀ ਗ੍ਰੇਡ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਦੀ ਡਿਜੀਟਲ ਜਨਗਣਨਾ ਵਿਚ ਸਿੱਖਾਂ ਨੂੰ ਕੀਤਾ ਗਿਆ ਦਰਕਿਨਾਰ, ਫਾਰਮ ਵਿਚ ਨਹੀਂ ਹੈ ਸਿੱਖਾਂ ਦਾ ਵਿਕਲਪ
ਅਰਸ਼ਦੀਪ ਨੂੰ ਸਾਲ ਦੇ ਇਕ ਕਰੋੜ ਰੁਪਏ ਮਿਲਣਗੇ। ਅਰਸ਼ਦੀਪ ਆਈਪੀਐਲ ਸੀਜ਼ਨ ਵਿਚ ਪੰਜਾਬ ਕਿੰਗਜ਼ ਦੇ ਮੈਂਬਰ ਹਨ। ਇਕਰਾਰਨਾਮੇ ਦੀ ਸੂਚੀ ਵਿਚ ਪੰਜਾਬੀ ਖਿਡਾਰੀਆਂ ਦੇ ਸ਼ਾਮਲ ਹੋਣ ਦੀ ਖ਼ਬਰ ਤੋਂ ਬਾਅਦ ਦੋਹਾਂ ਦੇ ਪਰਿਵਾਰਾਂ ਵਿਚ ਖੁਸ਼ੀ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਇਸ ਵਾਰ 26 ਖਿਡਾਰੀਆਂ ਨਾਲ ਕਰਾਰ ਕੀਤਾ ਹੈ। ਚਾਰ ਖਿਡਾਰੀਆਂ ਨੂੰ ਏ+ ਗ੍ਰੇਡ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਸਾਊਦੀ ਅਰਬ: ਹੱਜ ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 20 ਦੀ ਮੌਤ ਅਤੇ ਕਈ ਜ਼ਖਮੀ
ਪੰਜ ਖਿਡਾਰੀਆਂ ਨੂੰ ਏ ਗ੍ਰੇਡ, ਛੇ ਖਿਡਾਰੀਆਂ ਨੂੰ ਬੀ ਗ੍ਰੇਡ ਅਤੇ 11 ਖਿਡਾਰੀਆਂ ਨੂੰ ਸੀ ਗ੍ਰੇਡ ਵਿਚ ਰੱਖਿਆ ਗਿਆ ਹੈ। ਇਸ ਵਾਰ ਸਿਰਫ਼ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੂੰ ਏ+ ਵਿਚ ਰੱਖਿਆ ਗਿਆ ਹੈ। ਏ+ ਖਿਡਾਰੀਆਂ ਨੂੰ 7 ਕਰੋੜ ਰੁਪਏ, ਏ ਗ੍ਰੇਡ ਦੇ ਖਿਡਾਰੀਆਂ ਨੂੰ 5 ਕਰੋੜ ਰੁਪਏ, ਬੀ ਗ੍ਰੇਡ ਦੇ ਖਿਡਾਰੀਆਂ ਨੂੰ 3 ਕਰੋੜ ਰੁਪਏ ਅਤੇ ਸੀ ਗ੍ਰੇਡ ਦੇ ਖਿਡਾਰੀਆਂ ਇਕ ਕਰੋੜ ਰੁਪਏ ਦਿੱਤੇ ਜਾਣਗੇ।