
ਕਿਹਾ - ਭਾਰਤ ਸੈਮੀਫ਼ਾਈਨਲ 'ਚ ਪਹੁੰਚੀਆਂ ਹੋਰਨਾਂ ਟੀਮਾਂ ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਕਿਤੇ ਬਿਹਤਰ ਸਥਿਤੀ 'ਚ ਹੈ
ਲੀਡਸ : ਸ੍ਰੀਲੰਕਾਈ ਕਪਤਾਨ ਦਿਮੁਥ ਕਰੁਣਾਰਤਨੇ ਨੇ ਭਾਰਤ ਦੇ ਵਿਸ਼ਵ ਕੱਪ 'ਚ ਵਧਦੇ ਪੱਧਰ ਲਈ ਉਸ ਦੇ ਘਰੇਲੂ ਢਾਂਚੇ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਮੀਦ ਜਤਾਈ ਕਿ ਉਨ੍ਹਾਂ ਦਾ ਬੋਰਡ ਵੀ ਬੀ.ਸੀ.ਸੀ.ਆਈ. ਦੇ ਨਕਸ਼ੇ ਕਦਮ 'ਤੇ ਚੱਲੇਗਾ। ਸਾਲ 1996 ਦੀ ਚੈਂਪੀਅਨ ਸ੍ਰੀਲੰਕਾ ਟੀਮ ਨੂੰ ਸਨਿਚਰਵਾਰ ਨੂੰ ਇਥੇ ਭਾਰਤ ਤੋਂ 7 ਵਿਕਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਜਿਸ ਨਾਲ ਉਹ ਟੂਰਨਾਮੈਂਟ ਦੇ 9 ਮੈਚਾਂ 'ਚ ਤਿੰਨ ਜਿੱਤ ਨਾਲ ਛੇਵੇਂ ਸਥਾਨ 'ਤੇ ਰਹੀ।
Indian team
ਕਰੁਣਾਰਤਨੇ ਦਾ ਮੰਨਣਾ ਹੈ ਕਿ ਟਰਾਫ਼ੀ ਜਿੱਤਣ ਲਈ ਭਾਰਤ ਸੈਮੀਫ਼ਾਈਨਲ 'ਚ ਪਹੁੰਚੀਆਂ ਹੋਰਨਾਂ ਟੀਮਾਂ ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਕਿਤੇ ਬਿਹਤਰ ਸਥਿਤੀ 'ਚ ਹੈ। ਕਰੁਣਾਰਤਨੇ ਨੇ ਮੈਚ 'ਚ ਹਾਰ ਦੇ ਬਾਅਦ ਕਿਹਾ, ''ਮੈਨੂੰ ਲਗਦਾ ਹੈ ਕਿ ਭਾਰਤ ਕੋਲ ਇਸ ਵਿਸ਼ਵ ਕੱਪ ਨੂੰ ਜਿੱਤਣ ਦਾ ਬਿਹਤਰ ਮੌਕਾ ਹੈ, ਇਹ ਮੇਰਾ ਵਿਚਾਰ ਹੈ।'' ਉਨ੍ਹਾਂ ਕਿਹਾ, ''ਅਤੇ ਮੈਨੂੰ ਲਗਦਾ ਹੈ ਕਿ ਮੁਕਾਬਲੇ ਵਾਲੇ ਦਿਨ ਜੇ ਕੋਈ ਹੋਰ ਟੀਮ ਭਾਰਤੀ ਟੀਮ ਤੋਂ ਬਿਹਤਰ ਕਰ ਸਕੀ ਹੈ ਤਾਂ ਉਹ ਯਕੀਨੀ ਤੌਰ 'ਤੇ ਜਿੱਤੇਗੀ।''
Dimuth Karunaratne
ਕਰੁਣਾਰਤਨੇ ਨੇ ਭਾਰਤ ਦੇ ਘਰੇਲੂ ਢਾਂਚੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਯਕੀਨੀ ਤੌਰ 'ਤੇ ਨਵਾਂ ਹੁਨਰ ਮਿਲਦਾ ਰਹਿੰਦਾ ਹੈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਕੋਲ ਆਈ.ਪੀ.ਐਲ. ਹੈ।'' ਉਨ੍ਹਾਂ ਕਿਹਾ, ''ਉਨ੍ਹਾਂ ਦੀਆਂ ਘਰੇਲੂ ਟੀਮਾਂ ਕਾਫੀ ਚੰਗੀਆਂ ਹਨ ਅਤੇ ਉਨ੍ਹਾਂ ਦਾ ਸੈਸ਼ਨ ਚੰਗਾ ਰਹਿੰਦਾ ਹੈ। ਇਨ੍ਹਾਂ ਚੀਜ਼ਾਂ ਨਾਲ ਚੰਗੇ ਖਿਡਾਰੀ ਸਾਹਮਣੇ ਆਉਂਦੇ ਰਹਿੰਦੇ ਹਨ। ਅਸੀਂ ਅਪਣੇ ਪ੍ਰਬੰਧਨ ਤੋਂ ਵੀ ਇਸੇ ਦੀ ਉਮੀਦ ਕਰਦੇ ਹਾਂ।''