ਦੀਪ ਗ੍ਰੇਸ ਏਕਾ ਹੋਵੇਗੀ ਟੀਮ ਦੀ ਉਪ ਕਪਤਾਨ
ਨਵੀਂ ਦਿੱਲੀ: ਹਾਕੀ ਇੰਡੀਆ ਨੇ ਆਸਟ੍ਰੇਲੀਆ ਵਿਰੁਧ ਐਡੀਲੇਡ ਵਿਚ 18 ਮਈ ਤੋਂ ਸ਼ੁਰੂ ਹੋਣ ਵਾਲੇ ਤਿੰਨ ਮੈਚਾਂ ਦੀ ਸੀਰੀਜ਼ ਲਈ ਸੋਮਵਾਰ ਨੂੰ 20 ਮੈਂਬਰੀ ਰਾਸ਼ਟਰੀ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਇਸ ਦੌਰੇ 'ਚ ਆਸਟ੍ਰੇਲੀਆ ਏ ਵਿਰੁਧ ਵੀ ਦੋ ਮੈਚ ਖੇਡੇਗੀ। ਇਹ ਦੌਰਾ ਹਾਂਗਜ਼ੂ ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਦੇ ਸਬੰਧ ਵਿਚ ਕੀਤਾ ਜਾ ਰਿਹਾ ਹੈ। ਗੋਲਕੀਪਰ ਸਵਿਤਾ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਦੀਪ ਗ੍ਰੇਸ ਏਕਾ ਟੀਮ ਦੀ ਉਪ ਕਪਤਾਨ ਹੋਵੇਗੀ।
ਇਹ ਵੀ ਪੜ੍ਹੋ: ਕਿਸ਼ਤੀ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਇਕ ਲਾਪਤਾ
ਬੀਚੂ ਦੇਵੀ ਖਰੀਬਮ ਟੀਮ ਵਿਚ ਦੂਜੀ ਗੋਲਕੀਪਰ ਹੈ। ਦੀਪ ਗ੍ਰੇਸ ਏਕਾ, ਨਿੱਕੀ ਪ੍ਰਧਾਨ, ਇਸ਼ਿਕਾ ਚੌਧਰੀ, ਉਦਿਤਾ ਅਤੇ ਗੁਰਜੀਤ ਕੌਰ ਨੂੰ ਬਚਾਅ ਪੱਖ ਵਿਚ ਸ਼ਾਮਲ ਕੀਤਾ ਗਿਆ ਹੈ। ਨਿਸ਼ਾ, ਨਵਜੋਤ ਕੌਰ, ਮੋਨਿਕਾ, ਸਲੀਮਾ ਟੇਟੇ, ਨੇਹਾ, ਨਵਨੀਤ ਕੌਰ, ਸੋਨਿਕਾ, ਜੋਤੀ ਅਤੇ ਬਲਜੀਤ ਕੌਰ ਮਿਡਲ ਲਾਈਨ ਦੀ ਜ਼ਿੰਮੇਵਾਰੀ ਸੰਭਾਲਣਗੇ। ਵੰਦਨਾ ਕਟਾਰੀਆ ਫਰੰਟ ਲਾਈਨ ਦੀ ਅਗਵਾਈ ਕਰੇਗੀ, ਜਿਸ ਵਿਚ ਲਾਲਰੇਮਸਿਆਮੀ, ਸੰਗੀਤਾ ਕੁਮਾਰੀ ਅਤੇ ਸ਼ਰਮੀਲਾ ਦੇਵੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: 1 ਸਾਲ 'ਚ ਪਲਾਟ ’ਤੇ ਕਬਜ਼ਾ ਦੇਣ ਦਾ ਭਰੋਸਾ ਦੇ ਕੇ ਮੁਕਰਿਆ ਬਾਜਵਾ ਡਿਵੈਲਪਰ , ਕੰਜ਼ਿਊਮਰ ਕੋਰਟ ਨੇ ਹਰਜਾਨਾ ਭਰਨ ਦੇ ਦਿਤੇ ਹੁਕਮ
ਭਾਰਤ ਦੇ ਮੁੱਖ ਕੋਚ ਯਾਨੇਕ ਸ਼ੋਪਮੈਨ ਨੇ ਕਿਹਾ, “ਦੋ ਸਖ਼ਤ ਸਿਖਲਾਈ ਸੈਸ਼ਨਾਂ ਤੋਂ ਬਾਅਦ, ਅਸੀ ਅੰਤਰਰਾਸ਼ਟਰੀ ਮੈਚ ਖੇਡਣ ਲਈ ਉਤਸ਼ਾਹਿਤ ਹਾਂ। ਆਸਟ੍ਰੇਲੀਆ ਬਹੁਤ ਮਜ਼ਬੂਤ ਟੀਮ ਹੈ ਅਤੇ ਅਸੀ ਹਮਲਾਵਰ ਹਾਕੀ ਖੇਡਣਾ ਚਾਹਾਂਗੇ। ਸਾਡਾ ਸਖ਼ਤ ਇਮਤਿਹਾਨ ਹੋਵੇਗਾ ਅਤੇ ਅਸੀ ਅਪਣੇ ਡਿਫੈਂਸ ਨੂੰ ਮਜ਼ਬੂਤ ਰੱਖ ਕੇ ਉਨ੍ਹਾਂ ਦੀ ਰਫ਼ਤਾਰ ਅਤੇ ਹਮਲੇ ਦਾ ਮੁਕਾਬਲਾ ਕਰਨਾ ਚਾਹਾਂਗੇ”। ਭਾਰਤ 18, 20 ਅਤੇ 21 ਮਈ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰੇਗਾ ਜਦਕਿ ਇਸ ਤੋਂ ਬਾਅਦ 25 ਅਤੇ 27 ਮਈ ਨੂੰ ਆਸਟ੍ਰੇਲੀਆ ਏ ਨਾਲ ਭਿੜੇਗਾ। ਸਾਰੇ ਪੰਜ ਮੈਚ ਐਡੀਲੇਡ ਦੇ ਮੇਟ ਸਟੇਡੀਅਮ 'ਚ ਖੇਡੇ ਜਾਣਗੇ।