
ਹਿਮਾ ਦਾਸ ਨੇ ਹਫ਼ਤੇ ‘ਚ ਹੀ ਦੂਜਾ ਸੋਨ ਤਗਮਾ ਜਿੱਤਿਆ
ਨਵੀਂ ਦਿੱਲੀ: ਭਾਰਤ ਦੀ ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ ਪੋਲੈਂਡ ਵਿਚ ਕੁਟਨੋ ਐਥਲੈਟਿਕਸ ਮੀਟ ਵਿਚ ਮਹਿਲਾਵਾਂ ਦੀ 200 ਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ ਹੈ ਜੋ ਇਕ ਹਫ਼ਤੇ ਵਿਚ ਉਸ ਦਾ ਦੂਜਾ ਸੋਨ ਤਗਮਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਕਮਰ ਦੇ ਦਰਦ ਨਾਲ ਜੂਝ ਰਹੀ ਹਿਮਾ ਨੇ 23.79 ਸਕਿੰਟ ਦਾ ਸਮਾਂ ਕੱਢਿਆ ਜਦਕਿ ਵੀਕੇ ਵਿਸਮਿਆ ਨੂੰ ਚਾਂਦੀ ਤਗਮਾ ਮਿਲਿਆ।
Hima Das
ਰਾਸ਼ਟਰੀ ਰਿਕਾਰਡਧਾਰੀ ਮੁਹੰਮਦ ਅਨਸ ਨੇ ਪੁਰਸ਼ਾਂ ਦੀ 200 ਮੀਟਰ ਦੌੜ ਵਿਚ 21.18 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਗਮਾ ਜਿੱਤਿਆ। ਹਿਮਾ ਨੇ ਮੰਗਲਵਾਰ ਨੂੰ ਪੋਲੈਂਡ ਵਿਚ ਹੀ ਪੋਡਨਾਨ ਐਥਲੈਟਕਸ ਗ੍ਰਾਂ ਪ੍ਰੀ ਵਿਚ ਪੀਲਾ ਤਗਮਾ ਜਿੱਤਿਆ ਸੀ। ਵਿਸਮਿਆ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ (23.75 ਸਕਿੰਟ) ਕਰਕੇ ਤੀਜੇ ਸਥਾਨ ‘ਤੇ ਰਹੀ ਸੀ। ਹਿਮਾ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਅਤੇ 400 ਮੀਟਰ ਵਿਚ ਰਾਸ਼ਟਰੀ ਰਿਕਾਰਡਧਾਰੀ ਹੈ।
Hima Das
ਐਮਪੀ ਜਬੀਰ ਨੇ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ਵਿਚ ਚਾਂਦੀ ਤਗਮਾ ਜਿੱਤਿਆ ਜਦਕਿ ਜਿਤਿਨ ਪਾਲ ਨੂੰ ਕਾਂਸੀ ਤਗਮਾ ਮਿਲਿਆ। ਰਾਸ਼ਟਰੀ ਮਹਿਲਾ 400 ਮੀਟਰ ਦੌੜ ਵਿਚ ਭਾਰਤ ਦੀ ਪੀ ਸਰਿਤਾਬੇਨ, ਸੋਨੀਆ ਬੈਸਯਾ ਅਤੇ ਆਰ. ਵਿਦਿਆ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ।