
ਫ਼ਲਾਇੰਗ ਸਿੱਖ ਅਤੇ ਪਦਮ ਸ੍ਰੀ ਨਾਲ ਸਨਮਾਨਤ ਸ੍ਰੀ ਮਿਲਖਾ ਸਿੰਘ ਨੇ ਕਿਹਾ ਕਿ ਭਾਰਤ ਦੀ ਅਗਲੀ ਮਿਲਖਾ ਸਿੰਘ ਹੁਣ ਹਿਮਾ ਦਾਸ ਹੈ...........
ਚੰਡੀਗੜ੍ਹ : ਫ਼ਲਾਇੰਗ ਸਿੱਖ ਅਤੇ ਪਦਮ ਸ੍ਰੀ ਨਾਲ ਸਨਮਾਨਤ ਸ੍ਰੀ ਮਿਲਖਾ ਸਿੰਘ ਨੇ ਕਿਹਾ ਕਿ ਭਾਰਤ ਦੀ ਅਗਲੀ ਮਿਲਖਾ ਸਿੰਘ ਹੁਣ ਹਿਮਾ ਦਾਸ ਹੈ, ਜਿਸ ਨੇ ਫਿਨਲੈਂਡ ਵਿਚ ਅੰਡਰ-20 ਅਥਲੈਟਿਕਸ ਦੀ 400 ਮੀਟਰ ਦੌੜ 'ਚ ਸੋਨ ਤਮਗ਼ਾ ਪ੍ਰਾਪਤ ਕਰ ਕੇ ਇਹ ਸਾਬਤ ਕਰ ਦਿਤਾ ਹੈ ਕਿ ਭਾਰਤ 'ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਸਿਰਫ਼ ਜਜ਼ਬੇ ਦੀ ਜ਼ਰੂਰਤ ਹੈ। ਆਸਾਮ ਦੇ ਛੋਟੇ ਜਿੱਹੇ ਪਿੰਡ ਦੇ ਖੇਤਾਂ ਵਿਚ ਕੰਮ ਕਰਦੀ ਹਿਮਾ ਦਾਸ ਨੇ ਇਹ ਸਾਬਤ ਕਰ ਦਿਤਾ ਹੈ। ਹਿਮਾ ਦਾਸ ਇਸ ਵੇਲੇ ਸਿਰਫ਼ 18 ਸਾਲਾਂ ਦੀ ਹੈ।
ਮਿਲਖਾ ਸਿੰਘ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਅਕਸਰ ਇਹ ਸਵਾਲ ਪੁਛਿਆ ਜਾਂਦਾ ਸੀ ਕਿ ਮਿਲਖਾ ਸਿੰਘ ਅਤੇ ਪੀ.ਟੀ. ਊਸ਼ਾ ਤੋਂ ਬਾਅਦ ਕੋਈ ਭਾਰਤੀ ਅਥਲੀਟ ਹੁਣ ਤਕ ਕੌਮਾਂਤਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਿਆ। ਇਸ ਸਵਾਲ ਦਾ ਪਹਿਲਾ ਸਾਡੇ ਕੋਲ ਜਵਾਬ ਨਹੀਂ ਸੀ ਹੁੰਦਾ ਪਰ ਹੁਣ ਹੈ ਅਤੇ ਇਹ ਹਿਮਾ ਦਾਸ ਦੇ ਰੂਪ ਵਿਚ ਹੈ।
ਮਿਲਖਾ ਸਿੰਘ ਦਾ ਹੋਰ ਵੀ ਕਹਿਣਾ ਹੈ ਕਿ ਤਮਗ਼ੇ ਖੇਡ ਸਹੂਲਤਾਂ ਦੇ ਸਿਰ 'ਤੇ ਨਹੀਂ, ਸਗੋਂ ਭਰਪੂਰ ਜਜ਼ਬੇ ਅਤੇ ਮਿਹਨਤ ਨਾਲ ਜਿੱਤੇ ਜਾਂਦੇ ਹਨ। ਸੁੱਖ ਸਹੂਲਤਾਂ ਤਾਂ ਮਿਲ ਵੀ ਜਾਂਦੀਆਂ ਹਨ ਪਰ ਖੇਡ ਮੈਦਾਨ ਵਿਚ ਪਸੀਨਾ ਵਹਾਉਣਾ ਵੀ ਲਾਜ਼ਮੀ ਹੈ। ਮਿਲਖਾ ਸਿੰਘ ਦਾ ਇਹ ਵੀ ਕਹਿਣਾ ਹੈ ਕਿ 2020 ਵਿਚ ਉਲੰਪਿਕ ਖੇਡਾਂ ਟੋਕੀਉ ਵਿਚ ਹੋ ਰਹੀਆਂ ਹਨ ਅਤੇ ਉਨ੍ਹਾਂ ਵਿਚ ਭਾਰਤ ਦੇ ਚੰਗੇ ਪ੍ਰਦਰਸ਼ਨ ਦੀ ਹੁਣ ਤੋਂ ਹੀ ਉਮੀਦ ਬੱਝ ਗਈ ਹੈ।