
ਚੀਨ ਪਹਿਲੇ, ਜਾਪਾਨ ਦੂਜੇ ਅਤੇ ਕੋਰੀਆ ਤੀਜੇ ਸਥਾਨ ’ਤੇ ਰਿਹਾ
ਚੇਂਗਦੂ, 8 ਅਗੱਸਤ: ਭਾਰਤ ਨੇ ਮੰਗਲਵਾਰ ਨੂੰ ਇੱਥੇ ਵਿਸ਼ਵ ਯੂਨੀਵਰਸਿਟੀ ਖੇਡਾਂ ’ਚ ਅਪਣੇ ਸਰਵੋਤਮ ਪ੍ਰਦਰਸ਼ਨ ਨਾਲ 11 ਸੋਨ ਤਗਮਿਆਂ ਸਮੇਤ ਰੀਕਾਰਡ 26 ਤਮਗਿਆਂ ਨਾਲ ਅਪਣੀ ਮੁਹਿੰਮ ਦਾ ਅੰਤ ਕੀਤਾ। ਭਾਰਤ 11 ਸੋਨੇ, ਪੰਜ ਚਾਂਦੀ ਅਤੇ 10 ਕਾਂਸੀ ਦੇ ਤਗਮਿਆਂ ਨਾਲ ਸੱਤਵੇਂ ਸਥਾਨ ’ਤੇ ਰਿਹਾ, ਜੋ ਤਗਮਿਆਂ ਦੀ ਸੂਚੀ ’ਚ ਉਸ ਦਾ ਸਰਵੋਤਮ ਸਥਾਨ ਹੈ। ਭਾਰਤ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਇਸ ਸੀਜ਼ਨ ’ਚ ਪਿਛਲੀਆਂ ਸਾਰੀਆਂ ਖੇਡਾਂ ਨਾਲੋਂ ਵੱਧ ਤਮਗੇ ਜਿੱਤੇ ਹਨ। ਵਿਸ਼ਵ ਯੂਨੀਵਰਸਿਟੀ ਖੇਡਾਂ 2023 ਤੋਂ ਪਹਿਲਾਂ, ਭਾਰਤ ਨੇ ਇਨ੍ਹਾਂ ਖੇਡਾਂ ’ਚ ਸਿਰਫ਼ 21 ਤਮਗੇ (ਛੇ ਸੋਨ, ਛੇ ਚਾਂਦੀ ਅਤੇ ਨੌਂ ਕਾਂਸੀ) ਜਿੱਤੇ ਸਨ। ਭਾਰਤ ਨੇ ਇਸ ਵਾਰ ਇਨ੍ਹਾਂ ਖੇਡਾਂ ਲਈ 256 ਖਿਡਾਰੀਆਂ ਦੀ ਟੀਮ ਭੇਜੀ ਸੀ।
ਇਹ ਵੀ ਪੜ੍ਹੋ: ਉਤਰ-ਪੂਰਬ ਵਿਚ ਜਦੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਪੂਰਾ ਦੇਸ਼ ਪ੍ਰਭਾਵਤ ਹੁੰਦਾ ਹੈ: ਮਨੀਸ਼ ਤਿਵਾੜੀ
ਸਭ ਤੋਂ ਵੱਧ ਨਿਰਾਸ਼ ਹਾਲਾਂਕਿ, ਟਰੈਕ ਅਤੇ ਫੀਲਡ ਖਿਡਾਰੀਆਂ ਨੇ ਕੀਤਾ। ਟਰੈਕ ਐਂਡ ਫੀਲਡ ’ਚ ਭਾਰਤ ਨੇ ਅਪਣੇ ਸਭ ਤੋਂ ਵੱਧ 82 ਖਿਡਾਰੀਆਂ ਨੂੰ ਮੈਦਾਨ ’ਚ ਉਤਾਰਿਆ ਪਰ ਉਹ ਸਿਰਫ ਚਾਰ ਕਾਂਸੀ ਦੇ ਤਗਮੇ ਜਿੱਤ ਸਕੇ। 21 ਮੈਂਬਰੀ ਨਿਸ਼ਾਨੇਬਾਜ਼ੀ ਟੀਮ ਅੱਠ ਸੋਨੇ, ਚਾਰ ਚਾਂਦੀ ਅਤੇ ਦੋ ਕਾਂਸੀ ਦੇ ਤਗਮਿਆਂ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਟੀਮ ਰਹੀ, ਜਦਕਿ ਤੀਰਅੰਦਾਜ਼ੀ ’ਚ ਭਾਰਤ ਨੇ ਤਿੰਨ ਸੋਨੇ, ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ। ਜੂਡੋ ’ਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ।
ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ ਉਸ ਹੱਥ ਨੂੰ ਵੱਢਿਆ ਜਿਸ ਨੇ ਦਹਾਕਿਆਂ ਤਕ ਉਸ ਨੂੰ ਅਤੇ ਉਸ ਦੇ ਪ੍ਰਵਾਰ ਨੂੰ ਭੋਜਨ ਦਿਤਾ: ਸੁਖਜਿੰਦਰ ਰੰਧਾਵਾ
ਮੇਜ਼ਬਾਨ ਚੀਨ 103 ਸੋਨੇ, 40 ਚਾਂਦੀ ਅਤੇ 35 ਕਾਂਸੀ ਸਮੇਤ ਕੁਲ 178 ਤਮਗਿਆਂ ਨਾਲ ਤਮਗਾ ਸੂਚੀ ਵਿਚ ਸਿਖਰ ’ਤੇ ਰਿਹਾ। ਜਾਪਾਨ 21 ਸੋਨੇ, 29 ਚਾਂਦੀ ਅਤੇ 43 ਕਾਂਸੀ ਦੇ ਤਮਗਿਆਂ ਨਾਲ ਦੂਜੇ ਸਥਾਨ ’ਤੇ ਰਿਹਾ। ਕੋਰੀਆ 17 ਸੋਨ, 18 ਚਾਂਦੀ ਅਤੇ 23 ਕਾਂਸੀ ਦੇ ਤਮਗਿਆਂ ਨਾਲ ਤੀਜੇ ਸਥਾਨ ’ਤੇ ਰਿਹਾ।