
ਕਿਹਾ, ਉਸ ਕੋਲ ਸਮਰੱਥਾ ਹੈ, ਪਰ ਮੇਰੇ ਕੋਲ ਉਸ ਤੋਂ ਵੱਧ ਸਮਰੱਥਾ ਹੈ
Yuvraj Singh on Virat Kohli's football skills: ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਹਾਲ ਹੀ 'ਚ ਅਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਅਪਣੀ ਦੋਸਤੀ ਨੂੰ ਲੈ ਕੇ ਦਿਤੇ ਗਏ ਬਿਆਨ ਤੋਂ ਬਾਅਦ ਹੁਣ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਯੁਵਰਾਜ ਨੇ ਕਿਹਾ ਕਿ ਉਹ ਅਪਣੇ ਆਪ ਨੂੰ ਕ੍ਰਿਸਟੀਆਨੋ ਰੋਨਾਲਡੋ ਸਮਝਦਾ ਹੈ, ਪਰ ਅਜਿਹਾ ਨਹੀਂ ਹੈ। ਯੁਵਰਾਜ ਅਤੇ ਕੋਹਲੀ ਦੋਵੇਂ ਭਾਰਤ ਲਈ ਇਕੱਠੇ ਖੇਡ ਚੁੱਕੇ ਹਨ। ਦੋਵੇਂ ਕੁੱਝ ਸੀਜ਼ਨਾਂ ਲਈ ਆਈਪੀਐਲ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਟੀਮ ਵਿਚ ਵੀ ਇਕੱਠੇ ਸਨ।
ਯੁਵਰਾਜ ਨੇ 2019 ਵਿਚ ਅਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਦਿਤਾ, ਕੋਹਲੀ ਟੀਮ ਦਾ ਹਿੱਸਾ ਬਣੇ ਹੋਏ ਹਨ। ਮਸ਼ਹੂਰ ਕ੍ਰਿਕਟਰ ਹੋਣ ਦੇ ਨਾਲ-ਨਾਲ ਇਹ ਦੋਵੇਂ ਫੁੱਟਬਾਲ ਦੇ ਚੰਗੇ ਖਿਡਾਰੀ ਵੀ ਹਨ ਅਤੇ ਯੁਵਰਾਜ ਦਾ ਮੰਨਣਾ ਹੈ ਕਿ ਉਹ ਇਸ ਖੇਡ 'ਚ ਕੋਹਲੀ ਤੋਂ ਬਿਹਤਰ ਹੈ।
ਯੁਵਰਾਜ ਨੇ ਇਕ ਇੰਟਰਵਿਊ 'ਚ ਕਿਹਾ, ''ਫੁੱਟਬਾਲ 'ਚ ਮੇਰੇ ਅਤੇ ਵਿਰਾਟ ਵਿਚਾਲੇ ਵੱਡੀ ਲੜਾਈ ਹੁੰਦੀ ਸੀ। ਮੇਰੀ ਆਸ਼ੀਸ਼ ਨਹਿਰਾ ਅਤੇ ਵੀਰੇਂਦਰ ਸਹਿਵਾਗ ਨਾਲ ਵੀ ਫੁੱਟਬਾਲ ਨੂੰ ਲੈ ਕੇ ਲੜਾਈ ਹੋ ਚੁੱਕੀ ਹੈ।'' ਜਦੋਂ ਯੁਵਰਾਜ ਨੂੰ ਪੁੱਛਿਆ ਗਿਆ ਕਿ ਕੀ ਕੋਹਲੀ ਸਰਵੋਤਮ ਫੁੱਟਬਾਲ ਹੈ ਤਾਂ ਉਸ ਨੇ ਕਿਹਾ, ''ਵਿਰਾਟ ਨੂੰ ਅਜਿਹਾ ਲੱਗਦਾ ਹੈ। ਉਸ ਕੋਲ ਸਮਰੱਥਾ ਹੈ, ਪਰ ਮੇਰੇ ਕੋਲ ਉਸ ਤੋਂ ਵੱਧ ਸਮਰੱਥਾ ਹੈ। ਉਹ ਇਕ ਮਹਾਨ ਬੱਲੇਬਾਜ਼ ਹੈ ਅਤੇ ਫੁਟਬਾਲਰ ਮੈਂ ਬਿਹਤਰ ਹਾਂ। ਵਿਰਾਟ ਨੂੰ ਲੱਗਦਾ ਹੈ ਕਿ ਉਹ ਕ੍ਰਿਸਟੀਆਨੋ ਰੋਨਾਲਡੋ ਹੈ, ਪਰ ਉਹ ਨਹੀਂ ਹੈ। ਕ੍ਰਿਕਟ ਵਿਚ ਉਹ ਕ੍ਰਿਸਟੀਆਨੋ ਰੋਨਾਲਡੋ ਹੈ।
ਇਸੇ ਇੰਟਰਵਿਊ 'ਚ ਯੁਵਰਾਜ ਨੇ ਕੋਹਲੀ ਨਾਲ ਅਪਣੇ ਸਮੀਕਰਨ ਦਾ ਵੀ ਖੁਲਾਸਾ ਕੀਤਾ। ਯੁਵਰਾਜ ਉਨ੍ਹਾਂ ਕੁੱਝ ਭਾਰਤੀ ਖਿਡਾਰੀਆਂ ਵਿਚੋਂ ਇਕ ਸੀ ਜਿਨ੍ਹਾਂ ਨੇ ਅਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਕੋਹਲੀ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਸੀ। ਦੋਵੇਂ ਇਕ ਡੂੰਘੇ ਰਿਸ਼ਤੇ ਨੂੰ ਸਾਂਝਾ ਕਰਦੇ ਨਜ਼ਰ ਆਉਂਦੇ ਹਨ ਅਤੇ ਅਕਸਰ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ। ਹਾਲਾਂਕਿ, ਯੁਵਰਾਜ ਨੇ ਖੁਲਾਸਾ ਕੀਤਾ ਕਿ ਉਹ ਕੋਹਲੀ ਨੂੰ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਉਹ ਬਹੁਤ ਵਿਅਸਤ ਹਨ। ਉਨ੍ਹਾਂ ਕਿਹਾ, “ਮੈਂ ਉਸ ਨੂੰ ਪਰੇਸ਼ਾਨ ਨਹੀਂ ਕਰਦਾ ਕਿਉਂਕਿ ਉਹ ਰੁੱਝਿਆ ਹੋਇਆ ਹੈ। ਨੌਜਵਾਨ ਵਿਰਾਟ ਕੋਹਲੀ ਦਾ ਨਾਂ ਚੀਕੂ ਸੀ। ਅੱਜ ਦਾ ਚੀਕੂ ਵਿਰਾਟ ਕੋਹਲੀ ਹੈ, ਇਸ ਵਿਚ ਬਹੁਤ ਫਰਕ ਹੈ”।
(For more news apart from Yuvraj Singh on Virat Kohli's football skills, stay tuned to Rozana Spokesman)