
ਓਲੰਪਿਕ ਲਈ ਐਡਹਾਕ ਕਮੇਟੀ ਨੇ 53 ਕਿਲੋਗ੍ਰਾਮ ਵਰਗ ਲਈ ਫਾਈਨਲ ਟਰਾਇਲ ਕਰਵਾਉਣ ਦੀ ਗੱਲ ਕਹੀ, ਵਿਨੇਸ਼ ਲਿਖਤੀ ਭਰੋਸੇ ਦੀ ਮੰਗ ’ਤੇ ਅੜੀ
ਪਟਿਆਲਾ: ਮਹਿਲਾ ਕੁਸ਼ਤੀ ਚੋਣ ਟਰਾਇਲ ਦੇ ਨਾਟਕੀਅਤਾ ਭਰੇ ਦਿਨ ’ਚ ਤਜਰਬੇਕਾਰ ਭਲਵਾਨ ਵਿਨੇਸ਼ ਫੋਗਾਟ ਸੋਮਵਾਰ 50 ਕਿਲੋਗ੍ਰਾਮ ਵਰਗ ਦਾ ਮੁਕਾਬਲਾ ਜਿੱਤਣ ਤੋਂ ਬਾਅਦ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਧਿਕਾਰੀਆਂ ਨੂੰ ਅਪਣਾ ਨਮੂਨਾ ਦਿਤੇ ਬਿਨਾਂ ਹੀ ਮੁਕਾਬਲੇ ਵਾਲੀ ਥਾਂ ਤੋਂ ਚਲੀ ਗਈ।
ਇਕ ਸੂਤਰ ਨੇ ਕਿਹਾ ਨਾਡਾ ਦੀ ਟੀਮ ਕੌਮੀ ਟਰਾਇਲ ਜੇਤੂਆਂ ਦੇ ਡੋਪ ਨਮੂਨੇ ਲੈਣ ਲਈ ਇੱਥੇ ਆਈ ਸੀ ਪਰ ਵਿਨੇਸ਼ ਨੇ ਅਪਣਾ ਨਮੂਨਾ ਜਮ੍ਹਾ ਨਹੀਂ ਕੀਤਾ। ਕੁਸ਼ਤੀ ਐਡਹਾਕ ਕਮੇਟੀ ਦੇ ਇਕ ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਉਨ੍ਹਾਂ ਨੂੰ ਵਿਨੇਸ਼ ਵਲੋਂ ਡੋਪਿੰਗ ਟੈਸਟ ਲਈ ਨਮੂਨਾ ਦੇਣ ਤੋਂ ਇਨਕਾਰ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਾਡਾ ਦੇ ਨਿਯਮਾਂ ਅਨੁਸਾਰ, ‘‘ਬਿਨਾਂ ਕਿਸੇ ਕਾਰਨ ਦੇ ਅਧਿਕਾਰਤ ਵਿਅਕਤੀ ਵਲੋਂ ਨੋਟੀਫਿਕੇਸ਼ਨ ਤੋਂ ਬਾਅਦ ਨਮੂਨਾ ਦੇਣ ਤੋਂ ਇਨਕਾਰ ਕਰਨਾ ਜਾਂ ਨਮੂਨਾ ਦੇਣ ’ਚ ਅਸਫਲ ਰਹਿਣਾ ਡੋਪਿੰਗ ਰੋਕੂ ਨਿਯਮਾਂ (ਏ.ਡੀ.ਆਰ.ਵੀ.) ਦੀ ਉਲੰਘਣਾ ਹੈ।’’
ਇਸ ਤੋਂ ਪਹਿਲਾਂ ਸਵੇਰੇ ਪੈਰਿਸ ਓਲੰਪਿਕ ਦੀ ਦੌੜ ’ਚ ਬਣੇ ਰਹਿਣ ਲਈ ਵਿਨੇਸ਼ ਨੇ ਔਰਤਾਂ ਦੇ 50 ਕਿਲੋਗ੍ਰਾਮ ਅਤੇ 53 ਕਿਲੋਗ੍ਰਾਮ ਵਰਗ ’ਚ ਚੋਣ ਟਰਾਇਲ ਸ਼ੁਰੂ ਨਹੀਂ ਹੋਣ ਦਿਤੇ ਅਤੇ ਅਧਿਕਾਰੀਆਂ ਤੋਂ ਲਿਖਤੀ ਭਰੋਸਾ ਮੰਗਿਆ ਕਿ 53 ਕਿਲੋਗ੍ਰਾਮ ਵਰਗ ’ਚ ਆਖਰੀ ਟਰਾਇਲ ਓਲੰਪਿਕ ਤੋਂ ਪਹਿਲਾਂ ਹੋਣਗੇ।
ਕੁਸ਼ਤੀ ਦੀ ਐਡਹਾਕ ਕਮੇਟੀ ਵਲੋਂ ਉਸ ਦੀ ਮੰਗ ਮੰਨਣ ਤੋਂ ਬਾਅਦ ਵਿਨੇਸ਼ ਨੇ 50 ਕਿਲੋਗ੍ਰਾਮ ਭਾਰ ਵਰਗ ’ਚ ਸ਼ਿਵਾਨੀ ਨੂੰ 11-6 ਨਾਲ ਹਰਾ ਕੇ ਅਗਲੇ ਮਹੀਨੇ ਕਿਰਗਿਸਤਾਨ ਦੇ ਬਿਸ਼ਕੇਕ ’ਚ ਹੋਣ ਵਾਲੇ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟ ’ਚ ਜਗ੍ਹਾ ਪੱਕੀ ਕੀਤੀ। ਜਕਾਰਤਾ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਹਾਲਾਂਕਿ ਤਕਨੀਕੀ ਉੱਤਮਤਾ ਦੇ ਆਧਾਰ ’ਤੇ 53 ਕਿਲੋਗ੍ਰਾਮ ਮੁਕਾਬਲੇ ’ਚ ਅੰਜੂ ਤੋਂ 0-10 ਨਾਲ ਹਾਰ ਗਈ।
ਡਬਲਿਊ.ਐੱਫ.ਆਈ. ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਨਸੀ ਸੋਸ਼ਣ ਦੇ ਦੋਸ਼ ਲਗਾਉਣ ਵਾਲੀ ਵਿਨੇਸ਼ 50 ਕਿਲੋਗ੍ਰਾਮ ਵਰਗ ਦੇ ਟਰਾਇਲ ਲਈ ਸਾਈ ਕੇਂਦਰ ਪਹੁੰਚੀ ਸੀ। ਯੂਨਾਈਟਿਡ ਵਰਲਡ ਰੈਸਲਿੰਗ (ਯੂ.ਡਬਲਿਊ.ਡਬਲਿਊ.) ਦੇ ਆਰਟੀਕਲ 7 ਅਨੁਸਾਰ, ਇਕ ਮੁਕਾਬਲੇਬਾਜ਼ ਨੂੰ ਇਕ ਦਿਨ ’ਚ ਇਕ ਭਾਰ ਵਰਗ ’ਚ ਹਿੱਸਾ ਲੈਣ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ, ਪਰ ਵਿਨੇਸ਼ ਨੇ ਸੋਮਵਾਰ ਨੂੰ ਦੋ ਵੱਖ-ਵੱਖ ਭਾਰ ਵਰਗਾਂ ’ਚ ਟਰਾਇਲ ’ਚ ਹਿੱਸਾ ਲਿਆ।
ਉਹ ਬ੍ਰਿਜ ਭੂਸ਼ਣ ਵਿਰੁਧ ਪ੍ਰਦਰਸ਼ਨ ਤੋਂ ਪਹਿਲਾਂ 53 ਕਿਲੋਗ੍ਰਾਮ ਵਰਗ ’ਚ ਉਤਰਦੀ ਹੁੰਦੀ ਸੀ ਪਰ ਉਸ ਸ਼੍ਰੇਣੀ ’ਚ ਆਖਰੀ ਪੰਘਾਲ ਨੂੰ ਕੋਟਾ ਮਿਲਣ ਕਾਰਨ ਉਸ ਨੇ ਅਪਣਾ ਭਾਰ ਵਰਗ ਘਟਾ ਦਿਤਾ। ਵਿਨੇਸ਼ ਨੇ ਲਿਖਤੀ ਭਰੋਸਾ ਮੰਗ ਕੇ ਮੁਕਾਬਲਾ ਸ਼ੁਰੂ ਨਹੀਂ ਹੋਣ ਦਿਤਾ। ਉਸ ਨੇ 50 ਕਿਲੋਗ੍ਰਾਮ ਅਤੇ 53 ਕਿਲੋਗ੍ਰਾਮ ਦੋਹਾਂ ’ਚ ਮੁਕਾਬਲਾ ਕਰਨ ਦੀ ਇਜਾਜ਼ਤ ਮੰਗੀ ਜਿਸ ਨੇ ਇਕ ਅਜੀਬ ਸਥਿਤੀ ਪੈਦਾ ਕੀਤੀ। ਇਸ ਕਾਰਨ 50 ਕਿਲੋਗ੍ਰਾਮ ਭਾਰ ਵਰਗ ਦੇ ਭਲਵਾਨਾਂ ਨੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿਤੀ। ਉਨ੍ਹਾਂ ਕਿਹਾ, ‘‘ਅਸੀਂ ਢਾਈ ਘੰਟੇ ਤੋਂ ਉਡੀਕ ਕਰ ਰਹੇ ਹਾਂ।’’
ਆਈ.ਓ.ਏ. ਵਲੋਂ ਗਠਿਤ ਐਡਹਾਕ ਕਮੇਟੀ ਪਹਿਲਾਂ ਹੀ ਕਹਿ ਚੁਕੀ ਹੈ ਕਿ 53 ਕਿਲੋਗ੍ਰਾਮ ਵਰਗ ਲਈ ਫਾਈਨਲ ਟਰਾਇਲ ਹੋਣਗੇ, ਜਿੱਥੇ ਇਸ ਵਰਗ ਦੇ ਚੋਟੀ ਦੇ ਚਾਰ ਭਲਵਾਨ ਹਿੱਸਾ ਲੈਣਗੇ। ਟਰਾਇਲ ਦੇ ਜੇਤੂ ਨੂੰ ਆਖਰੀ ਨਾਲ ਮੁਕਾਬਲਾ ਕਰਨਾ ਪਵੇਗਾ ਅਤੇ ਜੇਤੂ ਭਾਰਤ ਦੀ ਨੁਮਾਇੰਦਗੀ ਕਰੇਗਾ। ਟ੍ਰਾਇਲ ਦੌਰਾਨ ਮੌਜੂਦ ਇਕ ਕੋਚ ਨੇ ਕਿਹਾ, ‘‘ਵਿਨੇਸ਼ ਸਰਕਾਰ ਤੋਂ ਭਰੋਸਾ ਚਾਹੁੰਦੀ ਹੈ। ਉਸ ਨੂੰ ਡਰ ਹੈ ਕਿ ਜੇ ਡਬਲਿਊ.ਐੱਫ.ਆਈ. ਕਮਾਂਡ ’ਚ ਵਾਪਸ ਆਉਂਦੀ ਹੈ ਤਾਂ ਚੋਣ ਨੀਤੀ ਬਦਲ ਸਕਦੀ ਹੈ। ਪਰ ਸਰਕਾਰ ਇਸ ਬਾਰੇ ਭਰੋਸਾ ਕਿਵੇਂ ਦੇ ਸਕਦੀ ਹੈ? ਸਰਕਾਰ ਚੋਣ ਮਾਮਲਿਆਂ ’ਚ ਦਖਲ ਨਹੀਂ ਦੇ ਸਕਦੀ।’’
ਉਨ੍ਹਾਂ ਕਿਹਾ, ‘‘ਸ਼ਾਇਦ ਉਹ ਅਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੀ ਹੈ। ਜੇਕਰ ਉਹ 50 ਕਿਲੋਗ੍ਰਾਮ ਟ੍ਰਾਇਲ ’ਚ ਹਾਰ ਜਾਂਦੀ ਹੈ ਤਾਂ ਉਹ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਉਹ 53 ਕਿਲੋਗ੍ਰਾਮ ’ਚ ਵੀ ਦੌੜ ’ਚ ਬਣੇ ਰਹੇ।’’
ਟਰਾਇਲਾਂ ’ਚ ਮਹਿਲਾ ਭਲਵਾਨਾਂ ਦੇ ਜੇਤੂਆਂ ਦੀ ਸੂਚੀ:
- 50 ਕਿਲੋਗ੍ਰਾਮ: ਵਿਨੇਸ਼ ਫੋਗਾਟ
- 53 ਕਿਲੋਗ੍ਰਾਮ: ਅੰਜੂ
- 55 ਕਿਲੋਗ੍ਰਾਮ: ਤਮੰਨਾ
- 57 ਕਿਲੋਗ੍ਰਾਮ: ਅੰਸ਼ੂ ਮਲਿਕ
- 59 ਕਿਲੋਗ੍ਰਾਮ: ਪੁਸ਼ਪਾ ਯਾਦਵ
- 62 ਕਿਲੋਗ੍ਰਾਮ: ਮਾਨਸੀ
- 65 ਕਿਲੋਗ੍ਰਾਮ: ਫਾਈਨਲ
- 68 ਕਿਲੋਗ੍ਰਾਮ: ਨਿਸ਼ਾ
- 72 ਕਿਲੋਗ੍ਰਾਮ: ਹਰਸ਼ਿਤਾ
- 76 ਕਿਲੋਗ੍ਰਾਮ: ਰੀਤਿਕਾ