
ਸਾਡੇ ਪ੍ਰਵਾਰ ਵਿਚੋਂ ਮੈਨੂੰ ਕੋਈ ਅਜਿਹਾ ਹੀਰਾ ਮਿਲ ਜਾਵੇ ਜਿਸ ਨੂੰ ਤਰਾਸ਼ ਕੇ ਉਸ ਦੀ ਸਹੀ ਮੰਜ਼ਲ ਤੇ ਪਹੁੰਚਾ ਕੇ ਦੁਨੀਆਂ ਵਿਚ ਅਪਣਾ ਨਾਮ ਵੀ ਰੌਸ਼ਨ ਕਰਾਂ
ਮੈਨੂੰ ਖੇਡਾਂ ਨਾਲ ਸ਼ੌਕ ਬਚਪਨ ਤੋਂ ਹੀ ਰਿਹਾ ਹੈ। ਮੇਰੇ ਪਿਤਾ ਜੀ ਵੀ ਅਪਣੀ ਪੜ੍ਹਾਈ ਦੌਰਾਨ ਵਧੀਆ ਖਿਡਾਰੀ ਸਨ। ਫਿਰ ਮੇਰੇ ਚਾਚਾ ਨਿਰਮਲ ਸਿੰਘ ਠੋਕਾ (ਕਾਟੀ) ਜੋ ਕਿ ਅਪਣੇ ਸਮੇਂ ਦੇ ਰਾਸ਼ਟਰੀ ਖਿਡਾਰੀ ਅਥਲੈਟਿਕਸ ਅਤੇ ਕ੍ਰਿਕਟ ਵਿਚ ਰਹੇ ਹਨ। ਅੱਜ ਕੱਲ੍ਹ ਬਤੌਰ ਡੀ.ਪੀ.ਈ. ਦੀ ਸੇਵਾ ਸਕੂਲ ਵਿਚ ਨਿਭਾਅ ਰਹੇ ਹਨ। ਮੈਨੂੰ ਖੇਡਾਂ ਵੇਖਣ ਦੀ ਅਤੇ ਖੇਡਣ ਦੀ ਚੇਟਕ ਵੀ ਘਰ ਵਿਚੋਂ ਹੀ ਲੱਗੀ।
ਪ੍ਰੰਤੂ ਮੈਂ ਸਿਰਫ਼ ਸ਼ੌਕੀਆ ਹੀ ਖੇਡਦਾ ਸਾਂ। ਮੇਰੇ ਮਨ ਵਿਚ ਇਹ ਗੱਲ ਘਰ ਗਈ ਸੀ ਕਿ ਸਾਡੇ ਪ੍ਰਵਾਰ ਵਿਚੋਂ ਕੋਈ ਅੰਤਰ ਰਾਸ਼ਟਰੀ ਖਿਡਾਰੀ ਨਹੀਂ ਬਣਿਆ। ਫਿਰ ਮੈਂ ਅਪਣੇ ਛੋਟੇ ਭਰਾ ਨੂੰ ਖੇਡਾਂ ਵਿਚ ਪਾਇਆ ਪਰ ਕਿਸਮਤ ਨੇ ਉਸ ਦਾ ਵੀ ਸਾਥ ਨਾ ਦਿਤਾ ਕਿਉਂਕਿ ਘਰੇਲੂ ਮੁਸੀਬਤਾਂ ਬੜੀ ਵੱਡੀ ਸਮੱਸਿਆ ਹੁੰਦੀਆਂ ਹਨ ਜੋ ਗ਼ਰੀਬੀ ਵਿਚੋਂ ਹੀ ਉਪਜਦੀਆਂ ਹਨ। ਸਾਡੇ ਪ੍ਰਵਾਰਕ ਮੈਂਬਰਾਂ ਨੂੰ ਜਿਸ ਮੁਕਾਮ ’ਤੇ ਪਹੁੰਚਣਾ ਚਾਹੀਦਾ ਸੀ ਉਸ ਤੇ ਨਾ ਪਹੁੰਚ ਸਕੇ।
Satnam Singh
ਇਹ ਵਿਚਾਰ ਮਨ ਵਿਚ ਵਾਰ ਵਾਰ ਉਠਦੇ ਸਨ। ਮੈਂ ਚਾਹੁੰਦਾ ਸੀ ਕਿ ਸਾਡੇ ਪ੍ਰਵਾਰ ਵਿਚੋਂ ਮੈਨੂੰ ਕੋਈ ਅਜਿਹਾ ਹੀਰਾ ਮਿਲ ਜਾਵੇ ਜਿਸ ਨੂੰ ਤਰਾਸ਼ ਕੇ ਉਸ ਦੀ ਸਹੀ ਮੰਜ਼ਲ ਤੇ ਪਹੁੰਚਾ ਕੇ ਦੁਨੀਆਂ ਵਿਚ ਅਪਣਾ ਨਾਮ ਵੀ ਰੌਸ਼ਨ ਕਰਾਂ। ਮੈਂ ਜ਼ਿੰਦਗੀ ਵਿਚ ਖੇਡਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਤੇ ਉਲੰਪਿਕ ਰੀਕਾਰਡ ਨੋਟ ਕਰਦਾ ਰਹਿੰਦਾ ਅਤੇ ਖਿਡਾਰੀਆਂ ਨੂੰ ਖੇਡਦਿਆਂ ਟੀ.ਵੀ. ਰਾਹੀਂ ਜ਼ਰੂਰ ਵੇਖਦਾ ਰਹਿੰਦਾ। ਸਮੇਂ ਦੇ ਲਿਹਾਜ਼ ਨਾਲ ਜ਼ਿੰਦਗੀ ਦੀਆਂ ਮੁਸ਼ਕਲਾਂ ਵੀ ਵਧਦੀਆਂ ਗਈਆਂ ਅਤੇ ਨਿਰਾਸ਼ਾ ਵੀ ਵਧਦੀ ਗਈ।
ਨਿਰਾਸ਼ਾ ਇਸ ਕਰ ਕੇ ਵਧਦੀ ਗਈ ਕਿਉਂਕਿ ਮੈਂ ਮੈਟ੍ਰਿਕ ਤੋਂ ਬਾਅਦ ਦੀ ਸਾਰੀ ਪੜ੍ਹਾਈ ਰੁਕ ਰੁਕ ਕੇ ਕੀਤੀ ਕਿਉਂਕਿ ਸਾਡੇ ਪ੍ਰਵਾਰ ਦੇ ਸਾਰੇ ਮੈਂਬਰ ਮੇਰੀ ਪੜ੍ਹਾਈ ਕਰਵਾਉਣ ਨੂੰ ਕਬੀਲਦਾਰੀ ਉਤੇ ਬੋਝ ਸਮਝਦੇ ਸਨ। ਪਰ ਫਿਰ ਵੀ ਮੈਂ ਆਈ.ਟੀ.ਆਈ. (ਇਲੈਕਟਰੀਕਲ) ਅਤੇ ਐਮ.ਏ. (ਕਰਾਈਮਨੌਲੋਜੀ ਐਂਡ ਪੁਲਿਸ ਐਡਮਨਿਸਟਰੇਸ਼ਨ) ਕਰ ਲਈਆਂ। ਜਦ ਮੈਂ ਪ੍ਹੜਾਈ ਪੂਰੀ ਕੀਤੀ ਉਸ ਵਕਤ ਮੇਰੀ ਉਮਰ ਸਰਕਾਰੀ ਨੌਕਰੀਆਂ ਲਈ ਆਖਰੀ ਪੜਾਅ ਤੇ ਪਹੁੰਚ ਗਈ। ਮੈਂ ਪੀ.ਸੀ.ਐਸ. ਦੇ ਪੇਪਰ ਵੀ ਪਾਸ ਕੀਤੇ ਪ੍ਰੰਤੂ ਮੈਰਿਟ ਵਿਚ ਨਾ ਆ ਸਕਿਆ। ਇਸ ਕਰ ਕੇ ਨਿਰਾਸ਼ਾ ਹੋਰ ਵੀ ਵਧ ਗਈ।
Satnam Singh
ਮੈਨੂੰ ਕਿਤਾਬਾਂ ਪੜ੍ਹਨ ਦਾ ਸੌਕ ਸ਼ੁਰੂ ਤੋਂ ਹੀ ਰਿਹਾ ਹੈ। ਸਮਾਂ ਬੀਤਣ ਦੇ ਨਾਲ ਨਾਲ ਇਕ ਦਿਨ ਮੇਰੇ ਹੱਥ ‘ਫ਼ਲਾਈਂਗ ਸਿੱਖ ਮਿਲਖਾ ਸਿੰਘ’ ਦੀ ਜੀਵਨੀ ਦੀ ਕਿਤਾਬ ਲੱਗੀ। ਇਹ ਕਿਤਾਬ ਮੈਂ ਇਕਾਂਤ ਵਿਚ ਬੈਠ ਕੇ ਪੂਰੀ ਰੀਝ ਲਗਾ ਕੇ 20-25 ਵਾਰ ਪੜ੍ਹੀ। ਫਿਰ ਮੇਰਾ 2002 ਵਿਚ ਵਾਹ ਬਲਵੀਰ ਸਿੰਘ ਨਾਲ ਪਿਆ ਜੋ ਕਾਫ਼ੀ ਲੰਮਾ ਸੀ। ਉਹ ਸਾਡੇ ਨੇੜਲੇ ਪਿੰਡ ਬੱਲੋਕੇ ਦੇ ਵਸਨੀਕ ਹਨ।
ਆਮ ਕਰ ਕੇ ਉਨ੍ਹਾਂ ਦਾ ਇਹ ਪਿੰਡ ਨਹਿਰ ਵਾਲੀ ਬੱਲੋਕੇ ਤਹਿਸੀਲ ਤਪਾ (ਬਰਨਾਲਾ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਲਵੀਰ ਸਿੰਘ ਨੂੰ ਬਜ਼ਾਰ ਵਿਚ ਆਉਂਦਿਆਂ ਮੈਂ ਪਹਿਲਾਂ ਵੀ ਬਹੁਤ ਵਾਰ ਵੇਖਿਆ ਸੀ ਪਰ ਮੁਲਾਕਾਤ ਕਦੇ ਵੀ ਨਾ ਹੋ ਸਕੀ। ਮੈਂ ਬਲਵੀਰ ਸਿੰਘ ਦੇ ਕੱਦ ਨੂੰ ਵੇਖ ਕੇ ਮਨ ਹੀ ਮਨ ਵਿਚ ਕਹਿੰਦਾ ਰਹਿੰਦਾ ਕਿ ਇਸ ਇਨਸਾਨ ਨੂੰ ਪ੍ਰਮਾਤਮਾ ਨੇ ਇੰਨਾ ਵੱਡਾ ਕੱਦ ਦਿਤਾ ਹੈ ਪਰ ਸਫ਼ਲਤਾ ਇਸ ਨੂੰ ਵੀ ਨਹੀਂ ਮਿਲੀ।
Satnam Singh
ਇਕ ਦਿਨ ਜਦ ਮੈਂ ਬਲਵੀਰ ਸਿੰਘ ਨਾਲ ਬੈਠਾ ਸੀ ਤਾਂ ਅਸੀ ਇਕ ਦੂਜੇ ਨਾਲ ਜਾਣ ਪਹਿਚਾਣ ਕੀਤੀ ਅਤੇ ਪਤਾ ਲੱਗਾ ਕਿ ਇਹ ਮੇਰੀ ਬਰਾਦਰੀ ਵਿਚੋਂ ਹੀ ਹੈ ਅਤੇ ਗੋਤ ਵੀ ਇਕੋ ਹੀ ਹੈ। ਮੈਨੂੰ ਬਲਵੀਰ ਸਿੰਘ ਨੇ ਇਹ ਵੀ ਦਸਿਆ ਕਿ ਅਪਣੇ ਪੁਰਖੇ ਇਕੋ ਹੀ ਪ੍ਰਵਾਰ ਵਿਚੋਂ ਸਨ। ਸਮੇਂ ਦੇ ਲਿਹਾਜ਼ ਨਾਲ ਸਾਡੀ ਆਪਸੀ ਨੇੜਤਾ ਵਧਦੀ ਗਈ ਅਤੇ ਪ੍ਰਵਾਰਕ ਸਬੰਧ ਵੀ ਹੋਰ ਗੂੜ੍ਹੇ ਬਣਦੇ ਗਏ।
ਮੁਲਾਕਾਤ ਦੌਰਾਨ ਜਦ ਮੈਂ ਬਲਵੀਰ ਸਿੰਘ ਨੂੰ ਬੱਚਿਆਂ ਬਾਰੇ ਪੁਛਿਆ ਤਾਂ ਇਨ੍ਹਾਂ ਨੇ ਤਿੰਨ ਬੱਚਿਆਂ ਬਾਰੇ ਦਸਿਆ। ਵੱਡੀ ਲੜਕੀ ਸਰਬਜੋਤ ਕੌਰ, ਉਸ ਤੋਂ ਛੋਟਾ ਸਤਨਾਮ ਸਿੰਘ ਅਤੇ ਉਸ ਤੋਂ ਛੋਟਾ ਬੇਅੰਤ ਸਿੰਘ। ਮੈਨੂੰ ਉਸ ਸਮੇਂ ਤਿੰਨੇ ਭੈਣ-ਭਰਾਵਾਂ ਵਿਚੋਂ ਸਤਨਾਮ ਸਿੰਘ (ਸੱਤਾ) ਦੀ ਸਰੀਰਕ ਡੀਲ-ਡੌਲ ਵਖਰੀ ਦਿਸੀ। ਸਤਨਾਮ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਦਾ ਕੱਦ ਅਪਣੇ ਪਿਤਾ ਬਲਵੀਰ ਸਿੰਘ ਤੇ ਅਧਾਰਤ ਹੈ। ਉਸ ਵਕਤ ਸਤਨਾਮ ਸਿੰਘ ਤੀਸਰੀ ਕਲਾਸ ਵਿਚ ਅਪਣੇ ਹੀ ਪਿੰਡ ਦੇ ਸਕੂਲ ਵਿਚ ਪੜ੍ਹਦਾ ਸੀ।
Satnam Singh
ਮੇਰੇ ਮਨ ਵਿਚ ਆਇਆ ਕਿ ਬਲਵੀਰ ਸਿੰਘ ਦਾ ਇੰਨਾ ਵੱਡਾ ਕੱਦ ਜਿਸ ਦੀ ਸਮੁੱਚੇ ਪੰਜਾਬ ਵਿਚ ਮਸ਼ਹੂਰੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪ੍ਰਵਾਰਕ ਨੇੜਤਾ ਰਹੀ ਹੈ, ਇਨ੍ਹਾਂ ਨੂੰ ਕਾਫ਼ੀ ਸੰਸਥਾਵਾਂ ਵਲੋਂ ਸਨਮਾਨ ਪੱਤਰ ਵੀ ਮਿਲੇ ਹਨ ਪ੍ਰੰਤੂ ਕੋਈ ਵਿਸ਼ੇਸ਼ ਮੁੱਲ ਨਹੀਂ ਪਿਆ। ਉਹ ਗਰੀਬੀ ਅਤੇ ਘਰੇਲੂ ਸਮਸਿਆ ਵਿਚ ਉਲਝਿਆ ਰਹਿਣ ਕਰ ਕੇ ਅਪਣੀ ਬਣਦੀ ਮੰਜ਼ਿਲ ਤੇ ਨਹੀਂ ਪਹੁੰਚ ਸਕੇ।
Captain Amarinder Singh
ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਹੀ ਪਿੰਡ ਵਾਸੀਆਂ ਨੇ ਬਲਵੀਰ ਸਿੰਘ ਦੀ ਧਰਮ ਪਤਨੀ ਸੁਖਵਿੰਦਰ ਕੌਰ ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾਇਆ ਸੀ ਅਤੇ ਬਲਵੀਰ ਸਿੰਘ ਨੂੰ ਮਾਰਕਿਟ ਕਮੇਟੀ ਤਪਾ ਦਾ ਮੈਨਜਰ ਨਿਯੁਕਤ ਕੀਤਾ ਸੀ। ਮੇਰੀ ਇੱਛਾ ਸੀ ਕਿ ਇਸ ਬੱਚੇ (ਸਤਨਾਮ ਸਿੰਘ) ਨੂੰ ਚੰਗੀ ਸੇਧ ਦੇ ਕੇ ਸੁੰਦਰ ਹੀਰਾ ਤਰਾਸ਼ਿਆ ਜਾਵੇ। ਉਸ ਸਮੇਂ ਮੈਂ ਸਤਨਾਮ ਸਿੰਘ ਨੂੰ ਖੇਡਾਂ ਵਿਚ ਨਹੀਂ ਸੀ ਪਾਇਆ ਕਿਉਂਕਿ ਉਹ ਹਾਲੇ ਕਿਸ਼ੋਰ ਅਵਸਥਾ ਵਿਚ ਸੀ ਅਤੇ ਉਸ ਦਾ ਸਰੀਰਕ ਢਾਂਚਾ ਕੱਚਾ ਸੀ।
ਫਿਰ ਚੌਥੀ ਜਮਾਤ ਸੱਤੇ ਨੇ ਪਿੰਡ ਦੇ ਸਕੂਲ ਵਿਚ ਹੀ ਕੀਤੀ। ਉਸ ਤੋਂ ਬਾਅਦ ਮੈਂ ਸਤਨਾਮ ਨੂੰ ਤਪੇ ਸ਼ਹਿਰ ਲਿਆ ਕੇ ਪੰਜਵੀਂ ਕਲਾਸ ਵਿਚ ਦਾਖ਼ਲ ਕਰਵਾ ਦਿਤਾ। ਉਸ ਸਮੇਂ ਸਤਨਾਮ ਦਾ ਕੱਦ ਚਾਰ ਫੁੱਟ ਸੱਤ ਇੰਚ ਹੋ ਗਿਆ ਸੀ। ਤਪਾ ਸ਼ਹਿਰ ਦੇ ਸਕੂਲ ਵਿਚ ਸਤਨਾਮ ਦਾ ਦਿਲ ਨਾ ਲਗਿਆ ਕਿਉਂਕਿ ਇਕ ਤਾਂ ਉਸ ਦੀ ਉਮਰ ਛੋਟੀ ਸੀ ਤੇ ਦੂਜਾ ਉਹ ਪਿੰਡੋਂ ਆਇਆ ਸੀ।
Satnam Singh
ਫਿਰ ਸਤਨਾਮ ਦਾ ਦਾਖ਼ਲਾ ਤਪਾ ਤੋਂ ਨਾਂ ਕਟਵਾ ਕੇ ਲਾਗਲੇ ਪਿੰਡ ਆਲੀਕੇ ਸਕੂਲ ਵਿਚ ਕਰਵਾ ਦਿਤਾ ਅਤੇ ਟਿਊਸ਼ਨ ਤਪੇ ਹੀ ਰੱਖੀ ਅਤੇ ਖੇਡਾਂ ਪ੍ਰਤੀ ਅਭਿਆਸ ਇਥੋਂ ਦੇ ਨਿਜੀ ਗਰਲਜ਼ ਕਾਲਜ ਦੇ ਗਰਾਊਂਡ ਵਿਚ ਸ਼ੁਰੂ ਕਰ ਦਿਤਾ। ਪਹਿਲਾਂ ਪਹਿਲਾਂ ਮੈਂ ਸਤਨਾਮ ਸਿੰਘ ਨੂੰ ਗਰਾਊਂਡ ਵਿਚ ਚੱਕਰ ਲਗਾਉਣ ਅਤੇ ਹਲਕੀਆਂ ਕਸਰਤਾਂ ਕਰਾਉਣੀਆਂ ਸ਼ੁਰੂ ਕੀਤੀਆਂ। ਮੇਰੇ ਇਸ ਅਭਿਆਸ ਕਰਵਾਉਣ ਦੇ ਨਾਲ ਨਾਲ ਸਤਨਾਮ ਸਿੰਘ ਦੀ ਸਰੀਰਕ ਬਣਤਰ ਠੀਕ ਹੋਣ ਲੱਗੀ। ਫਿਰ ਮੈਂ ਸਤਨਾਮ ਸਿੰਘ ਲਈ ਬਾਸਕਿਟ ਬਾਲ ਦਾ ਰਿੰਗ ਮਾਨਸਾ ਸ਼ਹਿਰ ਤੋਂ ਬਣਵਾ ਕੇ ਸਤਨਾਮ ਸਿੰਘ ਦੇ ਘਰ ਦੀ ਕੰਧ ’ਤੇ ਲਗਾ ਕੇ ਆਇਆ ਅਤੇ ਬਾਲ ਅਪਣੇ ਚਾਚਾ ਜੀ ਤੋਂ ਮੰਗਵਾ ਕੇ ਦਿਤੀ।
ਉਹ ਵਾਲਾ ਬਾਸਕਿਟ ਬਾਲ ਰਿੰਗ ਅੱਜ ਵੀ ਉਸੇ ਕੰਧ ’ਤੇ ਲੱਗਾ ਹੋਇਆ ਹੈ। ਫਿਰ ਜਦੋਂ ਮੈਂ ਸਤਨਾਮ ਨੂੰ ਅਭਿਆਸ ਦੌਰਾਨ ਥੋੜਾ ਜਿਹਾ ਜ਼ੋਰ ਲਗਵਾ ਦਿਦਾ ਤਾਂ ਸੱਤਾ ਥਕ ਜਾਂਦਾ। ਸਮਾਂ ਬੀਤਣ ਦੇ ਨਾਲ ਨਾਲ ਮੈਂ ਸਤਨਾਮ ਸਿੰਘ ਨੂੰ ਇਕ ਦਿਨ ਗਰਾਊਂਡ ਵਿਚ ਚੱਕਰ ਲਗਾਉਣ ਤੋਂ ਬਾਅਦ ਸਖ਼ਤੀ ਨਾਲ ਅਭਿਆਸ ਕਰਵਾ ਕੇ ਜਦ ਸਤਨਾਮ ਪੂਰੀ ਤਰ੍ਹਾਂ ਵਾਰਮਅਪ ਹੋ ਗਿਆ ਤਾਂ ਮੈਂ ਉਸ ਨੂੰ ਸਪਰਿੰਗ ਲਗਾਉਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਅੱਜ ਮੈਂ ਵੀ ਤੇਰੇ ਨਾਲ ਹੀ ਦੌੜਾਂਗਾ। ਪਰ ਜਦ ਸਤਨਾਮ ਸਿੰਘ ਪੰਜਾਹ ਕੁ ਮੀਟਰ ਤਕ ਦੌੜਿਆ ਤਾਂ ਉਹ ਅਚਾਨਕ ਡਿਗ ਪਿਆ ਅਤੇ ਉਸ ਦੇ ਗੋਡੇ ਤੇ ਗਰਾਊਂਡ ਵਿਚ ਪਈਆਂ ਕੰਕਰਾਂ ਵਜਣ ਕਾਰਨ ਲਹੂ ਨਿਕਲ ਆਇਆ।
Satnam Singh
ਮੈਂ ਉਸ ਦੇ ਗੋਡੇ ਤੋਂ ਨਿਕਲ ਰਹੇ ਲਹੂ ਨੂੰ ਕਪੜੇ ਨਾਲ ਸਾਫ਼ ਕੀਤਾ ਅਤੇ ਸਤਨਾਮ ਨੂੰ ਆਰਾਮ ਕਰਨ ਲਈ ਕਿਹਾ। ਫਿਰ ਮੈਂ ਦੂਸਰੇ ਦਿਨ ਅਪਣੇ ਕੁੱਝ ਸਾਥੀਆਂ ਸਮੇਤ ਉਸੇ ਗਰਾਊਂਡ ਵਿਚ ਉਹੀ ਕੰਕਰਾਂ, ਪੱਕੀਆਂ ਡਲੀਆਂ ਇਕੱਠੀਆਂ ਕਰ ਕੇ ਬਾਹਰ ਸੁਟੀਆਂ ਅਤੇ ਪੋਲੀ ਮਿੱਟੀ ਇਕੱਠੀ ਕਰ ਕੇ ਬਠਲਾਂ ਰਾਹੀਂ ਭਰ ਕੇ ਸਿਰ ਤੇ ਚੁੱਕ ਕੇ ਬਾਹਰ ਸੁਟਿਆ। ਫਿਰ ਉਸ ਵਿਚ ਜੰਮਣ ਵਾਲੀ ਮਿੱਟੀ ਲਿਆ ਕੇ ਦੌੜਨ ਦਾ ਰਸਤਾ ਸਾਫ਼ ਬਣਾਇਆ।
ਮੈਂ ਸਤਨਾਮ ਨੂੰ ਫਿਰ ਕੁੱਝ ਦਿਨ ਆਰਾਮ ਕਰਨ ਮਗਰੋਂ ਗਰਾਊਂਡ ਵਿਚ ਲੈ ਆਇਆ ਤੇ ਫਿਰ ਉਹੀ ਅਭਿਆਸ ਕਰਨਾ ਸ਼ੁਰੂ ਕਰ ਦਿਤਾ। ਲਗਾਤਾਰ ਅਭਿਆਸ ਕਰਨ ਨਾਲ ਉਸ ਦਾ ਦਮ ਪਕਦਾ ਗਿਆ। ਕਈ ਵਾਰੀ ਸਤਨਾਮ ਦਾ ਮਨ ਕਰਦਾ ਸੀ ਕਿ ਮੈਂ ਇਸ ਅਭਿਆਸ ਦੌਰਾਨ ਤੰਗ ਹੁੰਦਾ ਹਾਂ, ਇਸ ਲਈ ਵਾਪਸ ਪਰਤ ਜਾਵਾਂ। ਇਕ ਦਿਨ ਜਦ ਮੈਂ ਸਤਨਾਮ ਨੂੰ ਹੋਰ ਵੀ ਸਖ਼ਤੀ ਨਾਲ ਅਭਿਆਸ ਕਰਵਾਇਆ ਤੇ ਕਿਹਾ:
ਮਿਟਾ ਦੇ ਅਪਦੀ ਹਸਤੀ ਅਗਰ ਕੋਈ ਮਰਤਬਾ ਚਾਹੇ,
ਕਿ ਦਾਣਾ ਖਾਕ ਮੇ ਮਿਲ ਕਰ ਗੁਲੋ-ਗੁਲਜ਼ਾਰ ਹੋਤਾ ਹੈ।
Satnam Singh
ਮੇਰੇ ਇਹ ਕਹਿਣ ਦੀ ਸਤਨਾਮ ਨੂੰ ਕੋਈ ਸਮਝ ਨਾ ਪਈ। ਫਿਰ ਮੈਂ ਇਸ ਦਾ ਅਰਥ ਕਰ ਕੇ ਦਸਿਆ। ਸਤਨਾਮ ਦੇ ਮਨ ਵਿਚ ਕੁੱਝ ਬਣਨ ਦੀ ਲਗਨ ਪੈਦਾ ਹੋ ਗਈ। ਇਕ ਸਾਲ ਬੀਤ ਗਿਆ ਅਤੇ ਪੰਜਵੀਂ ਵੀ ਪਸ ਕਰ ਗਿਆ। ਛੇਵੀਂ ਜਮਾਤ ਵਿਚ ਦਾਖ਼ਲਾ ਤਪਾ ਵਿਖੇ ਹੀ ਕਰਵਾ ਦਿਤਾ। ਉਸ ਸਮੇਂ ਸਤਨਾਮ ਦਾ ਕੱਦ ਪੰਜ ਫੁੱਟ ਇਕ ਇੰਚ ਹੋ ਚੁਕਾ ਸੀ। ਸਮਾਂ ਬੀਤਣ ਦੇ ਨਾਲ ਨਾਲ ਮੈਂ ਸਤਨਾਮ ਦਾ ਅਭਿਆਸ ਹੋਰ ਤੇਜ਼ ਕਰਦਾ ਗਿਆ। ਮੈਂ ਸਤਨਾਮ ਨੂੰ ਰੋਜ਼ਾਨਾ ਪਿੰਡੋ ਵੱਡੇ ਸਾਈਕਲ ਤੇ ਤਪੇ ਸਕੂਲ ਆਉਣ ਲਈ ਕਿਹਾ। ਸਤਨਾਮ ਦਾ ਪਿੰਡ ਬੱਲੋਕੇ ਤਪੇ ਸ਼ਹਿਰ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਹੈ।
ਉਸ ਦਾ ਰੋਜ਼ਾਨਾ ਸਾਈਕਲ ਚਲਾਉਣਾ ਉਸ ਦੀ ਜ਼ਿੰਦਗੀ ਵਿਚ ਹੋਰ ਵੀ ਨਿਖਾਰ ਲੈ ਆਇਆ। ਫਿਰ ਮੈਂ ਸਤਨਾਮ ਨੂੰ ਸਿੰਗਲ ਰੇਲਵੇ ਲਾਈਨ ਤੇ ਹੋਲੀ ਹੋਲੀ ਤੋਰ ਕੇ ਵੇਖਿਆ। ਇਹ ਅਭਿਆਸ ਵੀ ਰੋਜ਼ਾਨਾ ਹੀ ਕਰਵਾਉਣਾ, ਜਿਸ ਨਾਲ ਉਸ ਦੇ ਚਲਣ ਦੌੜਨ ਦੀ ਮੂਵਮੈਂਟ ਵਿਚ ਕਾਫ਼ੀ ਸੁਧਾਰ ਹੋਇਆ। ਫਿਰ ਮੈਂ ਸਤਨਾਮ ਦੀ ਪ੍ਰੈਕਟਿਸ ਦੇ ਨਾਲ ਨਾਲ ਉਸ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਇਧਰ-ਉਧਰ ਹੋਰ ਵੱਡੇ ਸ਼ਹਿਰਾਂ ਵਿਚ ਸੰਪਰਕ ਕੀਤਾ, ਜਿਥੇ ਖੇਡ ਮੈਦਾਨ ਅੱਛੇ ਸਨ। ਮੇਰਾ ਦੋਸਤ ਪ੍ਰੋ. ਦਬਲਾਰਾ ਸਿੰਘ ਧਾਲੀਵਾਲ ਜਿਹੜਾ ਕਿ ਇਕ ਕਾਲਜ ਵਿਚ ਸਰੀਰਕ ਸਿਖਿਆ ਦਾ ਪ੍ਰੋਫੈਸਰ ਹੈ, ਉਸ ਪਾਸ ਮੈਂ ਸਤਨਾਮ ਸਿੰਘ ਬਾਰੇ ਗੱਲਬਾਤ ਕੀਤੀ।
Satnam Singh
ਪ੍ਰੋ. ਧਾਲੀਵਾਲ ਨੇ ਅੱਗੇ ਅਪਣੇ ਦੋਸਤ ਮਹਿੰਦਰ ਸਿੰਘ ਜਿਹੜਾ ਕਿ ਪੰਜਾਬ ਪੁਲਿਸ ਵਿਚ ਰੈਸਲਰ (ਪਹਿਲਵਾਨ) ਵਜੋਂ ਇੰਸਪੈਕਟਰ ਹੈ, ਉਹ ਉਸ ਸਮੇਂ ਦੇ ਤਤਕਲੀਨ ਏਡੀਜੀਪੀ ਪੰਜਾਬ ਸ. ਰਾਜਦੀਪ ਸਿੰਘ ਗਿੱਲ ਦਾ ਰੀਡਰ ਲੱਗਾ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਗਿੱਲ ਸਾਹਿਬ ਪਟਿਆਲਾ ਵਿਖੇ ਅਪਣੀ ਰਿਹਾਇਸ਼ ਵਿਚ ਰਹਿੰਦੇ ਸਨ।
ਸ. ਰਾਜਦੀਪ ਸਿੰਘ ਗਿੱਲ ਖੁਦ ਚੰਗੇ ਖਿਡਾਰੀਆਂ ਦਾ ਸਨਮਾਨ ਕਰਦੇ ਹਨ ਫਿਰ ਜਦ ਮੈਂ ਪ੍ਰੋ. ਦਲਬਾਰਾ ਸਿੰਘ ਅਤੇ ਇੰਸਪੈਕਟਰ ਮਹਿੰਦਰ ਸਿੰਘ ਰਾਹੀਂ ਸਤਨਾਮ ਸਿੰਘ ਅਤੇ ਉਸ ਦੇ ਪਿਤਾ ਬਲਵੀਰ ਸਿੰਘ ਨੂੰ ਗਿੱਲ ਸਾਹਬ ਨਾਲ ਮਿਲਾਇਆ ਤਾਂ ਰਾਜਦੀਪ ਸਿੰਘ ਗਿੱਲ, ਸਤਨਾਮ ਸਿੰਘ ਅਤੇ ਸਤਨਾਮ ਦੇ ਪਿਤਾ ਬਲਵੀਰ ਸਿੰਘ ਦੇ ਕੱਦ-ਕਾਠ ਨੂੰ ਵੇਖ ਕੇ ਬਹੁਤ ਖ਼ੁਸ਼ ਹੋਏ।
Satnam Singh
ਗਿੱਲ ਸਾਹਬ ਨੇ ਉਸ ਸਮੇਂ ਹੀ ਅਪਣੀ ਰਿਹਾਇਸ਼ ਤੋਂ ਤੁਰਤ ਲੁਧਿਆਣਾ ਦੇ ਤੇਜਾ ਸਿੰਘ ਧਾਲੀਵਾਲ ਸਕੱਤਰ ਬਾਸਕਿਟ ਬਾਲ ਐਸੋਸੀਏਸ਼ਨ ਪੰਜਾਬ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਕਾਕਾ ਸਤਨਾਮ ਸਿੰਘ ਨੂੰ ਬਾਸਕਿਟ ਬਾਲ ਖੇਡ ਦੀ ਪ੍ਰੈਕਟਿਸ ਕਰਵਾਉਣ ਅਤੇ ਉਸ ਨੂੰ ਰਹਿਣ ਲਈ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਥਾਂ ਦਿਤੀ ਜਾਵੇ। ਉਨ੍ਹਾਂ ਇਹ ਵੀ ਕਹਿ ਦਿਤਾ ਕਿ ਸਤਨਾਮ ਦੇ ਖਾਣ ਪੀਣ ਦਾ ਪ੍ਰਬੰਧ ਅਤੇ ਉਸ ਦੀ ਪੜ੍ਹਾਈ ਦਾ ਦਾਖ਼ਲਾ ਵੀ ਇਥੇ ਹੀ ਕਿਸੇ ਚੰਗੇ ਸਕੂਲ ਵਿਚ ਕਰਵਾ ਦਿਤਾ ਜਾਵੇ। ਉਸ ਸਮੇਂ ਸਤਨਾਮ ਸਿੰਘ ਛੇਵੀਂ ਜਮਾਤ ਦੀ ਪੜ੍ਹਾਈ ਦੇ ਤਿੰਨ ਚਾਰ ਮਹੀਨੇ ਤਪੇ ਲਗਾ ਚੁੱਕਾ ਸੀ।
ਸਤਨਾਮ ਸਿੰਘ ਦਾ ਦਾਖ਼ਲਾ ਤਪਾ ਤੋਂ ਬਦਲ ਕੇ ਲੁਧਿਆਣਾ ਵਿਖੇ ਕਰਵਾ ਦਿਤਾ ਗਿਆ। ਜਦ ਮੈਂ ਸਤਨਾਮ ਸਿੰਘ ਨੂੰ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿਚ ਪਹਿਲੀ ਵਾਰ ਛੱਡਣ ਗਿਆ ਤਾਂ ਉਥੇ ਤੇਜਾ ਸਿੰਘ ਧਾਲੀਵਾਲ ਸਾਨੂੰ ਪਹਿਲਾਂ ਹੀ ਉਡੀਕ ਰਹੇ ਸਨ। ਮੈਂ, ਸਤਨਾਮ ਸਿੰਘ ਅਤੇ ਬਲਵੀਰ ਸਿੰਘ ਅਸੀਂ ਤਿੰਨੇ ਹੀ ਠੀਕ ਸ਼ਾਮ ਨੂੰ 4.30 ਵਜੇ ਉਥੇ ਪਹੁੰਚ ਗਏ।
Satnam Singh
ਉਧਰੋਂ ਪਟਿਆਲੇ ਤੋਂ ਮੇਰਾ ਦੋਸਤ ਪ੍ਰੋ ਦਲਵਾਰਾ ਸਿੰਘ ਵੀ ਪਹੁੰਚ ਗਿਆ। ਚਾਹ ਪਾਣੀ ਪੀਣ ਤੋਂ ਬਾਅਦ ਸ. ਤੇਜਾ ਸਿੰਘ ਧਾਲੀਵਾਲ ਸਾਨੂੰ ਡਾਕਟਰ ਸ਼ੰਕਰਨ ਸੁਬਰਾਮਨੀਅਮ (ਕੋਚ) ਕੋਲ ਲੈ ਗਏ। ਡਾ. ਸੁਬਰਾਮਨੀਅਮ ਨੇ ਸਾਨੂੰ ਅਪਣੇ ਬਾਰੇ ਦਸਿਆ ਕਿ ਮੈਂ ਐਨਆਈਐਸ ਤੋਂ ਡਾਇਰੈਕਟਰ ਰਿਟਾਇਰ ਹਾਂ ਅਤੇ ਜਰਮਨ ਤੋਂ ਪੀ.ਐਚ.ਡੀ. (ਸਪੋਰਟਸ) ਵਿਚ ਕੀਤੀ ਹੋਈ ਹੈ। ਡਾ. ਸੁਬਰਾਮਨੀਅਮ ਨੇ ਸਤਨਾਮ ਦੇ ਪਿਤਾ ਬਲਵੀਰ ਸਿੰਘ ਦਾ ਕੱਦ ਨਾਪਿਆ ਜੋ ਕਿ ਸੱਤ ਫੁੱਟ ਡੇਢ ਇੰਚ ਸੀ ਅਤੇ ਫਿਰ ਸਤਨਾਮ ਦਾ ਕੱਦ ਨਾਪਿਆ ਜੋ ਕਿ ਪੰਜ ਫੁੱਟ ਤਿੰਨ ਇੰਚ ਸੀ।
ਉਸ ਸਮੇਂ ਸਤਨਾਮ ਦੀ ਉਮਰ ਲਗਭਗ ਸਾਢੇ ਨੌ ਸਾਲ ਸੀ। ਬਸ ਇਥੋਂ ਹੀ ਸਤਨਾਮ ਸਿੰਘ ਦੀ ਪ੍ਰੈਕਟਿਸ ਡਾ. ਸੁਬਰਾਮਨੀਅਮ ਅਤੇ ਤੇਜਾ ਸਿੰਘ ਧਾਲੀਵਾਲ ਦੇ ਹੱਥਾਂ ਵਿਚ ਆ ਗਈ, ਜਿਸ ਸਦਕੇ ਇਥੇ (ਲੁਧਿਆਣੇ) ਹੀ ਸਤਨਾਮ ਨੇ ਛੇਵੀ ਤੋਂ ਨੌਵੀਂ ਜਮਾਤ ਤਕ ਦੀ ਪੜ੍ਹਾਈ ਦੇ ਨਾਲ ਨਾਲ ਬਾਸਕਿਟ ਬਾਲ ਦੀ ਪ੍ਰੈਕਟਿਸ ਬਹੁਤ ਹੀ ਮਿਹਨਤ ਤੇ ਲਗਨ ਨਾਲ ਕੀਤੀ।
Satnam Singh
ਇਹ ਅਭਿਆਸ ਅਪਣੇ ਕੋਚ ਸਹਿਬਾਨ ਦੀ ਹਾਜ਼ਰੀ ਵਿਚ ਚਾਰ-ਚਾਰ ਘੰਟੇ ਰੋਜ਼ਾਨਾ ਕਰਨੀ। ਫਿਰ ਸਤਨਾਮ ਨੂੰ ਅਪਣਾ ਭਵਿੱਖ ਡਾ. ਸੁਬਰਾਮਨੀਅਮ ਅਤੇ ਤੇਜਾ ਸਿੰਘ ਧਾਲਵਾਲੀ ਦੇ ਜ਼ਿਹਨ ਅਤੇ ਗੁਰੂ ਨਾਨਕ ਸਟੇਡੀਅਮ ਦੀ ਧਰਤੀ ਵਿਚੋਂ ਦਿਸਣ ਲੱਗ ਪਿਆ। ਇਥੋਂ ਹੀ ਸਤਨਾਮ ਨੇ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਜਿਵੇਂ ਕਿ ਦਿੱਲੀ, ਮੁੰਬਈ ਆਦਿ ਵਿਖੇ ਬਾਸਕਿਟ ਬਾਲ ਟੂਰਨਾਮੈਂਟ ਅਪਣੇ ਕੋਚਾਂ ਦੀ ਅਗਵਾਈ ਹੇਠ ਖੇਡਣੇ ਸ਼ੁਰੂ ਕਰ ਦਿਤੇ। ਸੱਤੇ ਨੂੰ ਦੋ-ਤਿੰਨ ਦੇਸ਼ਾਂ ਦੇ ਬਾਸਕਿਟ ਬਾਲ ਟੂਰਨਾਮੇਂਟ ਖੇਡਣ ਦਾ ਵੀ ਮੌਕਾ ਮਿਲਿਆ ਅਤੇ ਜਿੱਤ ਵੀ ਹਾਸਲ ਕੀਤੀ। ਫਿਰ ਸਤਨਾਮ ਨੂੰ ਖੇਡਦਿਆਂ ਵੇਖ ਕੇ ਰੀਲਾਇੰਸ ਕੰਪਨੀ ਨੇ ਸਾਲ 2009 ਵਿਚ ਆਈ.ਐਮ.ਜੀ. ਅਮਰੀਕਾ ਦੇ ਸ਼ਹਿਰਾਂ ਫਲੋਰੀਡਾ ਵਿਖੇ ਸਿਲੈਕਟ ਕਰ ਲਿਆ।
ਜਿਥੇ ਸਤਨਾਮ ਨੇ ਹੋਰ ਵੀ ਤਕਨੀਕੀ ਮਾਹਰਾਂ ਤੋਂ ਟਰੇਨਿੰਗ ਲਈ ਅਤੇ ਬਾਕੀ ਦੀ ਪੜ੍ਹਾਈ ਵੀ ਦਸਵੀਂ ਤੋਂ ਬਾਰਵੀਂ ਤੱਕ ਅਮਰੀਕਾ ਵਿਚ ਹੀ ਕੀਤੀ। ਹੁਣ ਸਤਨਾਮ ਨੂੰ ਪੰਜ ਸਾਲ ਅਮਰੀਕਾ ਵਿਚ ਰਹਿੰਦਿਆਂ ਹੋਣ ਤੇ ਉਸ ਦੀ ਵਧੀਆ ਖੇਡ ਦੇ ਪ੍ਰਦਰਸ਼ਨ ਕਰ ਕੇ ਹੀ ਉਸ ਦੀ ਚੋਣ ਦੁਨੀਆਂ ਭਰ ਵਿਚ ਪ੍ਰਸਿਧ ਮੰਨੀ ਜਾਂਦੀ ਸੰਸਥਾ ਨੈਸ਼ਨਲ ਬਾਸਕਿਟ ਬਾਲ ਐਸੋਸੀਏਸ਼ਨ (ਐਨਬੀਏ) ਵਿਖੇ ਹੋ ਗਈ ਜਿਸ ਵਿਚ 7 ਫੁੱਟ 2 ਇੰਚ ਵਾਲਾ ਸਤਨਾਮ ਸਿੰਘ ਪਹਿਲਾ ਭਾਰਤੀ ਖਿਡਾਰੀ ਚੁਣਿਆ ਗਿਆ ਹੈ। ਮੈਂ ਸਤਨਾਮ ਸਿੰਘ ਦੀ ਇਸ ਕਾਮਯਾਬੀ ਅਤੇ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ। ਮੇਰੀ ਅਕਾਲ ਪੁਰਖ ਅੱਗੇ ਇਈ ਦੁਆ ਹੈ ਕਿ ਸਤਨਾਮ ਸਿੰਘ ਅਪਣੀ ਆਉਣ ਵਾਲੀ ਜ਼ਿੰਦਗੀ ਵਿਚ ਹੋਰ ਵੀ ਤਰੱਕੀ ਕਰੇ।
ਸੰਪਰਕ : 94179-68999