ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ
ਕਾਕਾਮਿਗਹਾਰਾ : ਭਾਰਤ ਨੇ ਐਤਵਾਰ ਨੂੰ ਇੱਥੇ ਚਾਰ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਆਪਣਾ ਪਹਿਲਾ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਖਿਤਾਬ ਜਿੱਤ ਲਿਆ।
ਪਹਿਲੇ ਕੁਆਰਟਰ ਵਿਚ ਗੋਲ ਰਹਿਤ ਰਹਿਣ ਤੋਂ ਬਾਅਦ ਭਾਰਤ ਨੇ 22ਵੇਂ ਮਿੰਟ ਵਿਚ ਅਨੂ ਦੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਬੜ੍ਹਤ ਬਣਾ ਲਈ।
ਜਾਪਾਨ ਦੇ ਖ਼ਿਲਾਫ਼ ਸੈਮੀਫਾਈਨਲ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ, ਅਨੂ ਨੇ ਗੋਲਕੀਪਰ ਦੇ ਖੱਬੇ ਪਾਸੇ ਤੋਂ ਫਾਇਰ ਕਰਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿਤਾ।
ਹਾਲਾਂਕਿ, ਪਾਰਕ ਸਿਓ ਯੇਨ ਦੇ ਗੋਲ ਦੀ ਬਦੌਲਤ ਦੱਖਣੀ ਕੋਰੀਆ ਨੇ ਤਿੰਨ ਮਿੰਟ ਬਾਅਦ 1-1 ਨਾਲ ਬਰਾਬਰੀ ਕਰ ਲਈ।
ਨੀਲਮ ਨੇ 41ਵੇਂ ਮਿੰਟ ਵਿਚ ਦੱਖਣੀ ਕੋਰੀਆ ਦੇ ਗੋਲਕੀਪਰ ਦੇ ਸੱਜੇ ਪਾਸੇ ਤੋਂ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿਤਾ, ਜੋ ਫੈਸਲਾਕੁੰਨ ਸਕੋਰ ਸਾਬਤ ਹੋਇਆ।
ਭਾਰਤੀ ਟੀਮ ਨੇ ਫਿਰ ਆਖ਼ਰੀ ਕੁਆਰਟਰ ਵਿਚ ਆਪਣੀ ਬੜ੍ਹਤ ਬਰਕਰਾਰ ਰੱਖੀ ਅਤੇ ਜਿੱਤ ਦਰਜ ਕੀਤੀ।
ਦੱਖਣੀ ਕੋਰੀਆ ਨੂੰ ਪੈਨਲਟੀ ਕਾਰਨਰ ਦੇ ਰੂਪ 'ਚ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਟੀਮ ਇਸ ਦਾ ਫਾਇਦਾ ਨਹੀਂ ਉਠਾ ਸਕੀ।
ਇਸ ਤੋਂ ਪਹਿਲਾਂ ਮਹਿਲਾ ਜੂਨੀਅਰ ਏਸ਼ੀਆ ਕੱਪ ਵਿਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ 2012 ਵਿਚ ਸੀ ਜਦੋਂ ਟੀਮ ਬੈਂਕਾਕ ਵਿਚ ਪਹਿਲੀ ਵਾਰ ਫਾਈਨਲ ਵਿਚ ਪਹੁੰਚੀ ਸੀ ਪਰ ਚੀਨ ਤੋਂ 2-5 ਨਾਲ ਹਾਰ ਗਈ ਸੀ।