ਸਚਿਨ-ਸਹਿਵਾਗ ਸਮੇਤ 6 ਖਿਡਾਰੀਆਂ ਨੂੰ ਪਿੱਛੇ ਛੱਡਿਆ
ਪੁਣੇ : ਭਾਰਤ ਨੇ ਦੱਖਣ ਅਫ਼ਰੀਕਾ ਵਿਰੁਧ ਪੁਣੇ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਸ਼ੁਕਰਵਾਰ ਨੂੰ ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤਕ ਦੱਖਣ ਅਫ਼ਰੀਕਾ ਨੇ 3 ਵਿਕਟਾਂ 'ਤੇ 36 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 5 ਵਿਕਟਾਂ 'ਤੇ 601 ਦੌੜਾਂ ਬਣਾ ਕੇ ਐਲਾਨ ਦਿੱਤੀ। ਕਪਤਾਨ ਵਿਰਾਟ ਕੋਹਲੀ ਨੇ ਅਜੇਤੂ 254 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ 91 ਦੌੜਾਂ ਦੀ ਪਾਰੀ ਖੇਡੀ।
ਕੋਹਲੀ ਨੇ ਟੈਸਟ ਕਰੀਅਰ ਦਾ 7ਵਾਂ ਦੋਹਰਾ ਸੈਂਕੜਾ ਲਗਾਇਆ। ਉਹ ਅਜਿਹਾ ਕਰਨ ਵਾਲੇ ਦੁਨੀਆਂ ਦੇ 6ਵੇਂ ਅਤੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਕੋਹਲੀ ਨੇ ਸਚਿਨ ਤੇਂਦੁਲਕਰ, ਵੀਰੇਂਦਰ ਸਹਿਵਾਗ, ਰਿੱਕੀ ਪੋਂਟਿੰਗ, ਜਾਵੇਦ ਮਿਆਂਦਾਦ, ਯੁਨਿਸ ਖ਼ਾਨ, ਮਾਰਵਨ ਅੱਟਾਪੱਟੂ ਨੂੰ ਪਿੱਛੇ ਛੱਡ ਦਿੱਤਾ ਹੈ। ਉਧਰ ਦੱਖਣ ਅਫ਼ਰੀਕਾ ਦੇ ਸਲਾਮੀ ਬੱਲੇਬਾਜ਼ ਏਡੇਨ ਮਕਰਮ 0, ਡੀਨ ਐਲਗਰ 6 ਅਤੇ ਟੇਮਬਾ ਬਵੁਮਾ 8 ਦੌੜਾਂ ਬਣਾ ਕੇ ਆਊਟ ਹੋ ਗਏ।
ਵਿਰਾਟ ਕੋਹਲੀ ਨੇ ਟੈਸਟ 'ਚ 7000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਉਹ ਬਤੌਰ ਕਪਤਾਨ ਸੱਭ ਤੋਂ ਵੱਧ ਦੋਹਰਾ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸਰ ਡਾਨ ਬ੍ਰੈਡਮੈਨ ਨੇ 6 ਦੋਹਰੇ ਸੈਂਕੜੇ ਲਗਾਏ ਸਨ। ਕੋਹਲੀ ਨੇ ਟੈਸਟ ਕਰੀਅਰ ਦਾ 26ਵਾਂ ਸੈਂਕੜਾ ਲਗਾਇਆ। ਕੌਮਾਂਤਰੀ ਕ੍ਰਿਕਟ 'ਚ ਬਤੌਰ ਕਪਤਾਨ ਵਿਰਾਟ ਕੋਹਲੀ ਦਾ ਇਹ 40ਵਾਂ ਸੈਂਕੜਾ ਹੈ। ਉਹ ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਰਿੱਕੀ ਪੋਟਿੰਗ ਤੋਂ ਸਿਰਫ਼ ਇਕ ਸੈਂਕੜੇ ਤੋਂ ਪਿੱਛੇ ਹਨ। ਰਿੱਕੀ ਪੋਂਟਿੰਗ ਦੇ ਬਤੌਰ ਕਪਤਾਨ 41 ਸੈਂਕੜੇ ਹਨ।
ਇਸ ਦੇ ਨਾਲ ਹੀ ਵਿਰਾਟ ਕੋਹਲੀ ਟੈਸਟ 'ਚ ਸੱਭ ਤੋਂ ਘੱਟ ਪਾਰੀਆਂ 'ਚ 26ਵਾਂ ਸੈਂਕੜਾ ਲਗਾਉਣ ਵਾਲੇ ਚੌਥੇ ਬੱਲੇਬਾਜ਼ ਵੀ ਬਣ ਗਏ ਹਨ। ਕੋਹਲੀ ਨੇ ਇਹ ਸੈਂਕੜਾ ਆਪਣੀ 138ਵੀਂ ਪਾਰੀ 'ਚ ਲਗਾਇਆ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ 136ਵੀਂ, ਸਟੀਵ ਸਮਿਥ ਨੇ 121ਵੀਂ ਅਤੇ ਸਰ ਡੋਨ ਬ੍ਰੈਡਮੈਨ ਨੇ 69ਵੀਂ ਪਾਰੀ 'ਚ 26ਵਾਂ ਸੈਂਕੜਾ ਲਗਾਇਆ ਸੀ।