
RCB ਵਿਰੁਧ 197 ਦੌੜਾਂ ਦਾ ਵੱਡਾ ਟੀਚਾ ਸਿਰਫ਼ 15.3 ਓਵਰਾਂ ਵਿਚ ਹਾਸਲ ਕੀਤਾ
IPL 2024: ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਸੀਜ਼ਨ 17 ਦੇ 25ਵੇਂ ਮੈਚ ਵਿਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ। 197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ ਨੇ 15.3 ਓਵਰਾਂ ਵਿਚ 199-3 ਦਾ ਸਕੋਰ ਬਣਾ ਕੇ ਜਿੱਤ ਦਰਜ ਕੀਤੀ।
ਮੁੰਬਈ ਲਈ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ 69 (34) ਅਤੇ ਸੂਰਿਆਕੁਮਾਰ ਯਾਦਵ ਨੇ 52 (19) ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਅਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਇਸ ਆਈਪੀਐਲ ਵਿਚ ਮੁੰਬਈ ਦੀ ਇਹ ਦੂਜੀ ਜਿੱਤ ਹੈ, ਜਦਕਿ ਆਰਸੀਬੀ ਦੀ ਇਹ ਪੰਜਵੀਂ ਹਾਰ ਹੈ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ 20 ਓਵਰਾਂ ਵਿਚ 196-8 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਜਿਸ ਵਿਚ ਕਪਤਾਨ ਫਾਫ ਡੁਪਲੇਸਿਸ 61 (40), ਰਜਤ ਪਾਟੀਦਾਰ 50 (26) ਅਤੇ ਅੰਤ ਵਿਚ ਦਿਨੇਸ਼ ਕਾਰਤਿਕ ਦੀ ਅਜੇਤੂ 53 (23) ਦੀ ਧਮਾਕੇਦਾਰ ਪਾਰੀ ਸ਼ਾਮਲ ਹੈ।
ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ 5 ਵਿਕਟਾਂ ਲਈਆਂ। ਬੁਮਰਾਹ ਨੂੰ ਅਪਣੀ ਸ਼ਾਨਦਾਰ ਖੇਡ (5-21 ਵਿਕਟਾਂ) ਲਈ ਮੈਨ ਆਫ ਦਾ ਮੈਚ ਦਾ ਖਿਤਾਬ ਵੀ ਮਿਲਿਆ। ਇਹ ਜਿੱਤ ਮੁੰਬਈ ਇੰਡੀਅਨਜ਼ ਲਈ ਬਹੁਤ ਖਾਸ ਰਹੀ ਹੈ।