
ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਚੁਨੌਤੀ ਦੇ ਦਿਤੀ ਹੈ............
ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਚੁਨੌਤੀ ਦੇ ਦਿਤੀ ਹੈ। ਪਾਕਿਸਤਾਨੀ ਕਪਤਾਨ ਸਰਫ਼ਰਾਜ਼ ਅਹਿਮਦ ਨੇ ਕਿਹਾ ਕਿ ਉਹ ਭਾਰਤੀ ਟੀਮ ਵਿਰੁਧ ਟੂਰਨਾਮੈਂਟ 'ਚ ਅਪਣਾ ਸਰਬੋਤਮ ਪ੍ਰਦਰਸ਼ਨ ਕਰਨਗੇ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਜ਼ਿੰਮਬਾਬਵੇ ਅਤੇ ਆਸਟ੍ਰੇਲੀਆ ਨੂੰ ਟੀ20 ਅਤੇ ਇਕ ਦਿਨਾ 'ਚ ਹਰਾਉਣ ਤੋਂ ਬਾਅਦ ਪਾਕਿਸਤਾਨੀ ਟੀਮ ਦਾ ਸਾਹਮਣਾ ਏਸ਼ੀਆ ਦੀਆਂ ਦਿੱਗਜ ਟੀਮਾਂ ਨਾਲ ਹੈ।
ਭਾਰਤ-ਪਾਕਿਸਤਾਨ ਤੋਂ ਇਲਾਵਾ ਇਸ ਮੈਗਾ ਟੂਰਨਾਮੈਂਟ 'ਚ ਸ੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਵਰਗੀਆਂ ਧੱਕੜ ਟੀਮਾਂ ਵੀ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਯੂਏਈ, ਨੇਪਾਲ, ਓਮਾਨ, ਹਾਂਗਕਾਂਗ, ਮਲੇਸ਼ੀਆ ਅਤੇ ਸਿੰਗਾਪੁਰ ਵੀ ਟੂਰਨਾਮੈਂਟ 'ਚ ਅਪਣੀ ਚੁਣੌਤੀ ਪੇਸ਼ ਕਰਨਗੀਆਂ। ਸਰਫ਼ਰਾਜ਼ ਅਹਿਮਦ ਨੇ ਕਿਹਾ ਕਿ ਏਸ਼ੀਆ ਕੱਪ 'ਚ ਭਾਰਤੀ ਟੀਮ ਨੂੰ ਹਰਾਉਣ ਲਈ ਅਸੀਂ ਤਿਆਰੀ ਸ਼ੁਰੂ ਕਰ ਦਿਤੀ ਹੈ। ਚੈਂਪੀਅਨਜ਼ ਟਰਾਫ਼ੀ 2017 ਦੇ ਫ਼ਾਈਨਲ ਤੋਂ ਬਾਅਦ ਪਾਕਿਸਤਾਨ ਦਾ ਭਾਰਤ ਨਾਲ ਇਹ ਪਹਿਲਾ ਮੁਕਾਬਲਾ ਹੋਵੇਗਾ। ਭਾਰਤੀ ਟੀਮ ਨੂੰ ਫ਼ਾਈਨਲ 'ਚ ਹਰਾ ਕੇ ਹੀ ਪਾਕਿਸਤਾਨ ਨੇ ਪਹਿਲੀ ਵਾਰ ਚੈਂਪੀਅਨਜ਼ ਟਰਾਫ਼ੀ ਅਪਣੇ ਨਾਮ ਕੀਤੀ ਸੀ।
ਦੱਸਣਯੋਗ ਹੈ ਕਿ ਪਹਿਲਾਂ ਏਸ਼ੀਆ ਕੱਪ 'ਚ ਭਾਰਤੀ ਟੀਮ ਨੂੰ ਇਕ ਤੋਂ ਬਾਅਦ ਇਕ ਲਗਾਤਾਰ ਦੋ ਮੈਚ ਖੇਡਣੇ ਸਨ ਪਰ ਬੀਸੀਸੀਆਈ ਦੇ ਵਿਰੋਧ ਤੋਂ ਬਾਅਦ 19 ਸਤੰਬਰ ਨੂੰ ਪਾਕਿਸਤਾਨ ਵਿਰੁਧ ਹੋਣ ਵਾਲਾ ਮੈਚ 20 ਸਤੰਬਰ ਨੂੰ ਕਰਵਾਇਆ ਜਾ ਸਕਦਾ ਹੈ। ਦੋਵੇਂ ਟੀਮਾਂ ਦਰਮਿਆਨ ਖੇਡੇ ਗਏ ਪਿਛਲੇ ਇਕ ਦਿਨਾ ਕ੍ਰਿਕਟ ਮੈਚਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਭਾਰਤ ਵਿਰੁਧ 73 ਮੈਚਾਂ 'ਚ ਮੈਦਾਨ ਮਾਰਿਆ ਹੈ। ਉਥੇ ਹੀ ਭਾਰਤੀ ਟੀਮ ਸਿਰਫ਼ 52 ਮੈਚਾਂ ਦੇ ਨਤੀਜੇ ਹੀ ਅਪਣੇ ਪੱਖ 'ਚ ਕਰਨ 'ਚ ਸਫ਼ਲ ਹੋ ਸਕੀ ਹੈ। ਏਸ਼ੀਆ ਕੱਪ 2018 ਆਗ਼ਾਮੀ 15 ਸਤੰਬਰ ਤੋਂ ਸ਼ੁਰੂ ਹੋਵੇਗਾ। (ਏਜੰਸੀ)