
ਵੈਸਟ ਇੰਡੀਜ਼ ਨੇ ਅੱਠ ਵਿਕਟਾਂ ਨਾਲ ਹਰਾਇਆ
ਨਵੀਂ ਦਿੱਲੀ: ਭਾਰਤ ਨੂੰ ਨਿਰਾਸ਼ਾਜਨਕ ਬੱਲੇਬਾਜ਼ੀ ਦੇ ਪ੍ਰਦਰਸ਼ਨ ਤੋਂ ਬਾਅਦ ਐਤਵਾਰ ਨੂੰ ਇਥੇ ਖਰਾਬ ਮੌਸਮ ਤੋਂ ਪ੍ਰਭਾਵਤ ਪੰਜਵੇਂ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਵਿਚ ਵੈਸਟਇੰਡੀਜ਼ ਤੋਂ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ 2-3 ਨਾਲ ਇਹ ਸੀਰੀਜ਼ ਵੀ ਹਾਰ ਗਈ।ਵੈਸਟਇੰਡੀਜ਼ ਨੇ ਇਸ ਤਰ੍ਹਾਂ 2017 ਤੋਂ ਬਾਅਦ ਭਾਰਤ ਵਿਰੁਧ ਪਹਿਲੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਜਿੱਤੀ। ਬ੍ਰੈਂਡਨ ਕਿੰਗ ਫਾਈਨਲ ਮੈਚ ਦੀ ਜਿੱਤ ਦਾ ਸਿਤਾਰਾ ਸੀ, ਜਿਸ ਨੇ ਨਾਬਾਦ 85 ਦੌੜਾਂ ਦੀ ਪਾਰੀ ਵਿਚ ਪੰਜ ਚੌਕੇ ਅਤੇ ਛੇ ਛੱਕੇ ਜੜੇ ਸਨ। ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਵੀ ਇਹ ਉਸ ਦਾ ਸਰਬੋਤਮ ਸਕੋਰ ਹੈ।
ਕਪਤਾਨ ਹਾਰਦਿਕ ਪੰਡਯਾ ਦੀ ਟੀਮ 0-2 ਤੋਂ ਹੇਠਾਂ ਆ ਕੇ ਸੀਰੀਜ਼ 2-2 ਨਾਲ ਬਰਾਬਰ ਕਰ ਗਈ ਪਰ ਫੈਸਲਾਕੁਨ ਮੈਚ 'ਚ ਖਿਡਾਰੀ ਹਾਰ ਗਏ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਟੀਮ ਨੇ ਸੂਰਿਆਕੁਮਾਰ ਯਾਦਵ (61 ਦੌੜਾਂ) ਦੇ ਦੂਜੇ ਅਰਧ ਸੈਂਕੜੇ ਦੀ ਮਦਦ ਨਾਲ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਮਗਰੋਂ ਨੌਂ ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ। ਸੂਰਿਆਕੁਮਾਰ ਨੇ ਅਪਣੀ 45 ਗੇਂਦਾਂ ਦੀ ਪਾਰੀ ਦੌਰਾਨ ਚਾਰ ਚੌਕੇ ਅਤੇ ਤਿੰਨ ਛੱਕੇ ਲਗਾਏ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਕਿੰਗ (55 ਗੇਂਦਾਂ) ਅਤੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ (47 ਦੌੜਾਂ, 35 ਗੇਂਦਾਂ, ਇਕ ਚੌਕਾ, ਚਾਰ ਛੱਕੇ) ਦੇ ਨਾਲ ਦੂਜੇ ਵਿਕਟ ਲਈ 72 ਗੇਂਦਾਂ ਵਿਚ 107 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਰਦਿਕ ਨੇ ਪਾਵਰਪਲੇ ਵਿਚ ਚਾਰ ਗੇਂਦਬਾਜ਼ਾਂ ਨੂੰ ਅਜ਼ਮਾਇਆ ਅਤੇ ਅਰਸ਼ਦੀਪ ਸਿੰਘ ਨੂੰ ਪਹਿਲੀ ਸਫਲਤਾ ਮਿਲੀ। ਵੈਸਟਇੰਡੀਜ਼ ਨੇ ਦੂਜੇ ਓਵਰ ਵਿਚ ਕਾਇਲ ਮਾਇਰਸ (10 ਦੌੜਾਂ) ਦਾ ਵਿਕਟ ਗੁਆ ਦਿਤਾ।
ਅਰਸ਼ਦੀਪ ਨੇ 8 ਦੌੜਾਂ ਬਣਾਈਆਂ ਅਤੇ ਕੁਲਦੀਪ ਯਾਦਵ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਆਖਰੀ ਓਵਰ 'ਚ ਅਕਸ਼ਰ ਨੇ ਕੁੱਝ ਚੰਗੇ ਸ਼ਾਟ ਲਗਾਏ ਅਤੇ ਸਕੋਰ ਨੂੰ 165 ਦੌੜਾਂਤੱਕ ਪਹੁੰਚਾਇਆ। ਟੀਚੇ ਦਾ ਪਿੱਛਾ ਕਰਨ ਉੱਤਰੀ ਵਿੰਡੀਜ਼ ਨੂੰ ਕਾਇਲ ਮਾਇਰਸ ਦੇ ਰੂਪ 'ਚ ਸ਼ੁਰੂਆਤੀ ਝਲਕ ਮਿਲੀ ਪਰ ਇਸ ਤੋਂ ਬਾਅਦ ਬ੍ਰੈਂਡਨ ਕਿੰਗ ਅਤੇ ਨਿਕੋਲਸ ਪੂਰਨ ਨੇ ਪਾਰੀ ਨੂੰ ਸੰਭਾਲਿਆ ਅਤੇ 10 ਓਵਰਾਂ 'ਚ ਸਕੋਰ ਨੂੰ 96 ਤਕ ਪਹੁੰਚਾਇਆ। ਪੂਰਨ 35 ਗੇਂਦਾਂ 'ਤੇ 47 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਬ੍ਰੈਂਡਨ ਕਿੰਗ ਨੇ ਇਕ ਸਿਰੇ 'ਤੇ ਖੜ੍ਹੇ ਹੋ ਕੇ 55 ਗੇਂਦਾਂ 'ਤੇ 5 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 85 ਦੌੜਾਂ ਬਣਾ ਕੇ ਆਪਣੀ ਟੀਮ ਨੂੰ 8 ਵਿਕਟਾਂ ਨਾਲ ਜਿੱਤ ਦਿਵਾਈ। ਸ਼ਾਈ ਹੋਪ ਨੇ ਜੇਤੂ ਛੱਕਾ ਲਗਾਇਆ। ਉਸ ਨੇ 13 ਗੇਂਦਾਂ 'ਤੇ 22 ਦੌੜਾਂ ਬਣਾਈਆਂ।