
ਕਪਤਾਨ ਰਿਤੂਰਾਜ ਗਾਇਕਵਾੜ (69) ਅਤੇ ਸ਼ਿਵਮ ਦੂਬੇ (66) ਨੇ ਬਣਾਏ ਅੱਧੇ ਸੈਂਕੜੇ
IPL 2024: ਇੰਡੀਅਨ ਪ੍ਰੀਮੀਅਰ ਲੀਗ (IPL) ਐਲ-ਕਲਾਸਿਕੋ ਨੂੰ ਚੇਨਈ ਸੁਪਰ ਕਿੰਗਜ਼ ਨੇ 20 ਦੌੜਾਂ ਨਾਲ ਜਿੱਤ ਲਿਆ ਹੈ। ਟੀਮ ਨੇ ਮੁੰਬਈ ਇੰਡੀਅਨਜ਼ ਨੂੰ ਉਨ੍ਹਾਂ ਦੇ ਹੀ ਘਰੇਲੂ ਮੈਦਾਨ 'ਤੇ ਹਰਾਇਆ ਸੀ। ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਸੈਂਕੜਾ ਲਗਾਇਆ ਪਰ ਉਹ ਟੀਮ ਨੂੰ ਜਿੱਤ ਤਕ ਨਹੀਂ ਪਹੁੰਚਾ ਸਕੇ। ਰੋਹਿਤ ਨੇ 63 ਗੇਂਦਾਂ 'ਤੇ ਨਾਬਾਦ 105 ਦੌੜਾਂ ਬਣਾਈਆਂ।
ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 206 ਦੌੜਾਂ ਬਣਾਈਆਂ। ਮੁੰਬਈ ਦੀ ਟੀਮ 6 ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਹੀ ਬਣਾ ਸਕੀ, ਸੀਐਸਕੇ ਵਲੋਂ ਮੈਥਿਸ਼ ਪਥੀਰਾਨਾ ਨੇ 4 ਵਿਕਟਾਂ ਲਈਆਂ, ਉਸ ਨੇ ਅਹਿਮ ਮੌਕੇ 'ਤੇ 4 ਵੱਡੀਆਂ ਵਿਕਟਾਂ ਲੈ ਕੇ ਟੀਮ ਦੀ ਵਾਪਸੀ ਕੀਤੀ ਅਤੇ ਮੈਚ ਵੀ ਜਿੱਤ ਲਿਆ। ਟੀਮ ਵਲੋਂ ਐਮਐਸ ਧੋਨੀ ਨੇ ਵੀ ਆਖਰੀ 4 ਗੇਂਦਾਂ 'ਤੇ 3 ਛੱਕੇ ਲਗਾ ਕੇ ਨਾਬਾਦ 20 ਦੌੜਾਂ ਬਣਾਈਆਂ।
ਆਈਪੀਐਲ ਵਿਚ MI ਅਤੇ CSK ਵਿਚਕਾਰ ਮੈਚ ਨੂੰ 'ਐਲ-ਕਲਾਸਿਕੋ' ਕਿਹਾ ਜਾਂਦਾ ਹੈ। ਦੋਵਾਂ ਟੀਮਾਂ ਵਿਚਾਲੇ ਇਤਿਹਾਸਕ ਮੁਕਾਬਲਾ ਹੈ, ਦੋਵਾਂ ਨੇ 5-5 ਖਿਤਾਬ ਜਿੱਤੇ ਹਨ। ਖਾਸ ਗੱਲ ਇਹ ਹੈ ਕਿ 2010 'ਚ ਚੇਨਈ ਨੇ ਫਾਈਨਲ 'ਚ ਮੁੰਬਈ ਨੂੰ ਹਰਾ ਕੇ ਹੀ ਖਿਤਾਬ ਜਿੱਤਿਆ ਸੀ। ਜਦਕਿ ਮੁੰਬਈ ਨੇ ਆਪਣੇ 5 ਵਿਚੋਂ 3 ਖ਼ਿਤਾਬ ਸਿਰਫ਼ ਚੇਨਈ ਨੂੰ ਹਰਾ ਕੇ ਜਿੱਤੇ ਹਨ।