
ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿਚ ਨਿਸ਼ਾਨੇਬਾਜ਼ੀ ਦੇ ਅੰਡਰ 21 ਵਰਗ ਵਿਚ ਪੰਜਾਬ ਓਵਰ ਆਲ ਚੈਂਪੀਅਨ...
ਚੰਡੀਗੜ੍ਹ : ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿਚ ਨਿਸ਼ਾਨੇਬਾਜ਼ੀ ਦੇ ਅੰਡਰ 21 ਵਰਗ ਵਿਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ। ਪੰਜਾਬ ਨੇ ਅੱਜ ਚਾਰ ਤਮਗੇ ਜਿੱਤੇ ਜਿਨ੍ਹਾਂ ਵਿਚ ਇਕ ਸੋਨੇ, ਇਕ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਸ਼ਾਮਲ ਸਨ। ਇਹ ਚਾਰੋਂ ਤਮਗੇ ਨਿਸ਼ਾਨੇਬਾਜ਼ੀ ਦੇ ਅੰਡਰ 21 ਵਰਗ ਵਿਚ ਆਏ। ਪੰਜਾਬ ਵਲੋਂ ਅੱਜ ਜਿੱਤੇ ਤਮਗਿਆਂ ਨੂੰ ਮਿਲਾ ਕੇ ਹੁਣ ਤੱਕ ਜਿੱਤੇ ਤਮਗਿਆਂ ਦੀ ਗਿਣਤੀ 57 ਹੋ ਗਈ ਜਿਨ੍ਹਾਂ ਵਿਚ 19 ਸੋਨੇ, 15 ਚਾਂਦੀ ਤੇ 23 ਕਾਂਸੀ ਦੇ ਤਮਗੇ ਸ਼ਾਮਲ ਹਨ।
ਇਹ ਜਾਣਕਾਰੀ ਖੇਲੋ ਇੰਡੀਆ ਗੇਮਜ਼ ਵਿਚ ਪੰਜਾਬ ਦੇ ਸਟੇਟ ਸਪੋਰਟਸ ਮੈਨੇਜਰ ਸ੍ਰੀ ਗੁਰਲਾਲ ਸਿੰਘ ਰਿਆੜ ਨੇ ਦਿਤੀ। ਸ੍ਰੀ ਰਿਆੜ ਨੇ ਦੱਸਿਆ ਕਿ ਗੁਰਨਿਹਾਲ ਸਿੰਘ ਗਰਚਾ ਨੇ ਅੰਡਰ 21 ਦੇ ਸਕੀਟ ਸ਼ੂਟਿੰਗ ਵਿਚ ਸੋਨੇ ਦਾ ਤਮਗਾ ਜਿੱਤਿਆ। ਸਿਮਰਨ ਨੇ ਅੰਡਰ 21 ਦੇ ਸਕੀਟ ਸ਼ੂਟਿੰਗ ਵਿਚ ਚਾਂਦੀ ਦਾ ਤਮਗਾ ਜਿੱਤਿਆ। ਅਭੇ ਸਿੰਘ ਸੇਖੋਂ ਨੇ ਅੰਡਰ 21 ਦੇ ਸਕੀਟ ਸ਼ੂਟਿੰਗ ਤੇ ਅਰਜੁਨ ਸਿੰਘ ਚੀਮਾ ਤੇ ਪਰਦੀਪ ਕੌਰ ਨੇ ਅੰਡਰ 21 ਦੇ ਏਅਰ ਪਿਸਟਲ ਮਿਕਸਡ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ।