
20-20 ਲੱਖ ਦਾ ਜੁਰਮਾਨਾ ਲਗਾਇਆ, ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ 1-1 ਲੱਖ ਰੁਪਏ
ਨਵੀਂ ਦਿੱਲੀ : ਟੀ.ਵੀ. ਚੈਟ ਸ਼ੋਅ (ਕੌਫ਼ੀ ਵਿਦ ਕਰਨ) ਦੌਰਾਨ ਔਰਤਾਂ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਲੋਕਪਾਲ ਡੀ.ਕੇ. ਜੈਨ ਨੇ ਆਲਰਾਊਂਡਰ ਹਾਰਦਿਕ ਪੰਡਿਆ ਅਤੇ ਸਲਾਮੀ ਬੱਲੇਬਾਜ਼ ਕੇ.ਐਲ. ਰਾਹੁਲ 'ਤੇ 20-20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 'ਭਾਰਤ ਦੇ ਵੀਰ ਐਪ' ਰਾਹੀਂ ਦੇਸ਼ ਲਈ ਸ਼ਹੀਦ ਹੋਏ 10 ਜਵਾਨਾਂ ਦੇ ਲੋੜਵੰਦ ਪਰਵਾਰਾਂ ਨੂੰ 1-1 ਲੱਖ ਰੁਪਏ ਦਾ ਭੁਗਤਾਨ ਕਰਨ।
Hardik Pandya, KL Rahul in chat show
ਲੋਕਪਾਲ ਨੇ ਜੁਰਮਾਨੇ ਦੀ ਇਸ ਰਕਮ ਤੋਂ ਇਲਾਵਾ ਉਨ੍ਹਾਂ ਨੂੰ ਬਲਾਇੰਡ ਕ੍ਰਿਕਟ ਪ੍ਰਮੋਸ਼ਨ ਲਈ ਬਣਾਏ ਗਏ ਫੰਡ 'ਚ ਵੀ 10-10 ਲੱਖ ਰੁਪਏ ਦੇਣ ਦਾ ਆਦੇਸ਼ ਦਿੱਤਾ ਹੈ। ਲੋਕਪਾਲ ਨੇ ਇਹ ਵੀ ਕਿਹਾ ਕਿ ਜੇ ਇਹ ਦੋਵੇਂ ਖਿਡਾਰੀ ਆਦੇਸ਼ ਜਾਰੀ ਹੋਣ ਦੇ 4 ਹਫ਼ਤੇ ਅੰਦਰ ਅਜਿਹਾ ਨਹੀਂ ਕਰਨਗੇ ਤਾਂ ਬੀਸੀਸੀਆਈ ਦੋਹਾਂ ਖਿਡਾਰੀਆਂ ਦੀ ਮੈਚ ਫੀਸ 'ਚੋਂ ਇਹ ਰਕਮ ਕੱਟ ਸਕਦੀ ਹੈ।
Hardik Pandya, KL Rahul
ਲੋਕਪਾਲ ਨੇ ਕਿਹਾ ਕਿ ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਆਸਟ੍ਰੇਲੀਆ ਦੌਰੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਦੋਵੇਂ ਖਿਡਾਰੀ 30 ਲੱਖ ਰੁਪਏ ਦੀ ਕਮਾਈ ਤੋਂ ਖੁੰਝ ਗਏ ਹਨ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਕ੍ਰਿਕਟਰ ਦੇਸ਼ ਲਈ ਰੋਲ ਮਾਡਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਹਰ ਕੰਮ ਸਹੀ ਕਰਨਾ ਚਾਹੀਦਾ ਹੈ।
KL Rahul, Hardik Pandya
ਜ਼ਿਕਰਯੋਗ ਹੈ ਕਿ ਚੈਟ ਸ਼ੋਅ ਦਾ ਵਿਵਾਦਤ ਐਪੀਸੋਡ ਜਨਵਰੀ ਦੇ ਪਹਿਲੇ ਹਫ਼ਤੇ 'ਚ ਪ੍ਰਸਾਰਿਤ ਹੋਇਆ ਸੀ। ਇਸ ਮਗਰੋਂ ਕਾਫ਼ੀ ਵਿਵਾਦ ਹੋਇਆ। ਦੋਹਾਂ ਖਿਡਾਰੀਆਂ ਨੂੰ ਆਸਟ੍ਰੇਲੀਆ ਦੌਰੇ ਤੋਂ ਵਾਪਸ ਬੁਲਾ ਲਿਆ ਗਿਆ ਸੀ ਅਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਦੋਹਾਂ ਨੇ ਇਸ ਤੋਂ ਬਾਅਦ ਬਗੈਰ ਸ਼ਰਤ ਮਾਫ਼ੀ ਮੰਗ ਲਈ ਸੀ।