
ਜਾਪਾਨ ਦੇ ਚਿਬਾ ਵਿਚ ਇਸ ਸਾਲ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਦਾ ਆਯੋਜਨ ਕੀਤਾ ਗਿਆ ਸੀ
ਨਵੀਂ ਦਿੱਲੀ - ਭਾਰਤ ਦੇ 6 ਗਣਿਤ ਨੂੰ ਪਿਆਰ ਕਰਨ ਵਾਲੇ ਵਿਦਿਆਰਥੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤੀ ਵਿਦਿਆਰਥੀਆਂ ਨੇ ਜਾਪਾਨ ਦੇ ਸ਼ਿਬਾ ਵਿਚ ਹੋਏ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਵਿਚ ਦੋ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮਿਆਂ ਸਮੇਤ ਕੁੱਲ 6 ਤਗਮੇ ਜਿੱਤੇ। ਇਸ ਵਾਰ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਵਿਚ 112 ਦੇਸ਼ਾਂ ਨੇ ਭਾਗ ਲਿਆ। ਭਾਰਤੀ ਟੀਮ ਇਸ ਮੁਕਾਬਲੇ 'ਚ 9ਵੇਂ ਸਥਾਨ 'ਤੇ ਰਹੀ।
ਜਾਪਾਨ ਦੇ ਚਿਬਾ ਵਿਚ ਇਸ ਸਾਲ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਦਾ ਆਯੋਜਨ ਕੀਤਾ ਗਿਆ ਸੀ। ਇਹ ਮੁਕਾਬਲਾ 2 ਜੁਲਾਈ ਤੋਂ 13 ਜੁਲਾਈ ਤੱਕ ਸੀ। ਪੀਆਈਬੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੈਂਗਲੁਰੂ ਦੇ ਅਤੁਲ ਸ਼ਤਾਵਰਤਾ ਨਾਡਿਗ ਅਤੇ ਨਵੀਂ ਦਿੱਲੀ ਦੇ ਅਰਜੁਨ ਗੁਪਤਾ ਨੇ ਸੋਨ ਤਗਮਾ ਜਿੱਤਿਆ।
ਗੁਹਾਟੀ, ਅਸਾਮ ਤੋਂ ਆਨੰਦ ਭਾਦੁੜੀ ਅਤੇ ਪੁਣੇ, ਮਹਾਰਾਸ਼ਟਰ ਦੇ ਸਿਧਾਰਥ ਨੇ ਚਾਂਦੀ ਦਾ ਤਗਮਾ ਜਿੱਤਿਆ। ਪੁਣੇ ਦੇ ਆਦਿਤਿਆ ਮੰਗੂਡੀ ਵੈਂਕਟ ਗਣੇਸ਼ ਅਤੇ ਹੈਦਰਾਬਾਦ ਦੇ ਅਰਚਿਤ ਮਾਨਸ ਨੇ ਕਾਂਸੀ ਦਾ ਤਗਮਾ ਜਿੱਤਿਆ।
ਇਸ ਮੁਕਾਬਲੇ ਵਿਚ ਭਾਰਤ ਚੌਥੀ ਵਾਰ ਟਾਪ 10 ਵਿਚ ਆਇਆ ਹੈ। ਇਸ ਤੋਂ ਪਹਿਲਾਂ 1998 ਵਿਚ ਭਾਰਤ ਨੇ ਅੰਤਰਰਾਸ਼ਟਰੀ ਮੈਥ ਓਲੰਪੀਆਡ ਵਿਚ 7ਵਾਂ ਰੈਂਕ ਹਾਸਲ ਕੀਤਾ ਸੀ। 2001 ਵਿਚ ਵੀ ਭਾਰਤ ਨੂੰ 7ਵਾਂ ਰੈਂਕ ਮਿਲਿਆ ਸੀ। ਭਾਰਤ 2002 'ਚ 9ਵੇਂ ਰੈਂਕ 'ਤੇ ਸੀ ਅਤੇ ਇਸ ਸਾਲ ਵੀ 9ਵੇਂ ਰੈਂਕ 'ਤੇ ਰਿਹਾ। ਗੋਲਡ ਮੈਡਲ ਜੇਤੂ ਅਰਜੁਨ ਗੁਪਤਾ ਨੇ ਦੱਸਿਆ ਕਿ ਓਲੰਪੀਆਡ ਦੇ ਕਈ ਪੱਧਰ ਹੁੰਦੇ ਹਨ। ਖੇਤਰੀ, ਰਾਸ਼ਟਰੀ।
ਇੱਥੇ ਕੁਝ ਚੋਣ ਪ੍ਰੀਖਿਆਵਾਂ ਵੀ ਹੁੰਦੀਆਂ ਹਨ ਜਿਸ ਵਿਚ ਦੇਸ਼ ਭਰ ਦੇ ਬਹੁਤ ਸਾਰੇ ਵਿਦਿਆਰਥੀ ਭਾਗ ਲੈਂਦੇ ਹਨ। ਇਸ ਤੋਂ ਬਾਅਦ ਦੇਸ਼ ਭਰ ਦੇ 60 ਵਿਦਿਆਰਥੀਆਂ ਨੂੰ ਮੁੰਬਈ ਵਿਚ ਮੈਥ ਕੈਂਪ ਵਿਚ ਬੁਲਾਇਆ ਗਿਆ। ਜਿੱਥੋਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੁਕਾਬਲੇ ਵਿਚ ਭਾਗ ਲੈਣ ਲਈ ਚੁਣਿਆ ਜਾਂਦਾ ਹੈ। ਹੋਮੀ ਭਾਭਾ ਸੈਂਟਰ ਫਾਰ ਸਾਇੰਸ ਐਜੂਕੇਸ਼ਨ ਵਿਖੇ, ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਓਲੰਪੀਆਡ ਲਈ ਸਿਖਲਾਈ ਦਿੱਤੀ ਜਾਂਦੀ ਹੈ। ਕਈ ਅੰਤਰਰਾਸ਼ਟਰੀ ਓਲੰਪੀਆਡ (ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਖਗੋਲ ਵਿਗਿਆਨ ਅਤੇ ਗਣਿਤ) ਇੱਥੋਂ ਚੁਣੇ ਗਏ ਹਨ। ਰਾਸ਼ਟਰੀ ਓਲੰਪੀਆਡ ਪ੍ਰੀਖਿਆ HBCSE ਦੁਆਰਾ ਕਰਵਾਈ ਜਾਂਦੀ ਹੈ ਅਤੇ ਪ੍ਰੀਖਿਆ ਕਈ ਪੜਾਵਾਂ ਵਿਚ ਕਰਵਾਈ ਜਾਂਦੀ ਹੈ।