
ਪਰਿਵਾਰ ਨੇ ਧੀ ਦੀ ਕਾਮਯਾਬੀ 'ਤੇ ਪ੍ਰਗਟਾਈ ਖੁਸ਼ੀ
cricketer Amanjot Kaur News : ਮੋਹਾਲੀ ਦੀ 24 ਸਾਲਾ ਅਮਨਜੋਤ ਕੌਰ ਨੂੰ ਭਾਰਤ ਅਤੇ ਸ੍ਰੀਲੰਕਾ ’ਚ ਹੋਣ ਵਾਲੇ ਇਕ ਰੋਜ਼ਾ ਮਹਿਲਾ ਵਿਸ਼ਵ ਕੱਪ ਕ੍ਰਿਕਟ ਲਈ ਚੁਣੀ ਗਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਮਹਿਲਾ ਕ੍ਰਿਕਟ ਵਿਸ਼ਵ ਕੱਪ 30 ਸਤੰਬਰ ਤੋਂ ਲੈ ਕੇ 2 ਨਵੰਬਰ ਤੱਕ ਖੇਡਿਆ ਜਾਣਾ ਹੈ। ਟੀਮ ਵਿਚ ਚੁਣੇ ਜਾਣ ’ਤੇ ਅਮਨਜੋਤ ਕੌਰ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਹਰ ਕ੍ਰਿਕਟਰ ਦਾ ਸੁਪਨਾ ਵਿਸ਼ਵ ਕੱਪ ਖੇਡਣ ਦਾ ਹੁੰਦਾ ਹੈ ਅਤੇ ਮੇਰਾ ਇਹ ਸੁਪਨਾ ਸਾਕਾਰ ਹੋ ਗਿਆ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਦੇ ਇਸ ਮਹਾਂ ਮੁਕਾਬਲੇ ਦੌਰਾਨ ਵਧੀਆ ਖੇਡ ਖੇਡਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਭਾਰਤ ਲਈ ਵਧੀਆ ਪ੍ਰਦਰਸ਼ਨ ਕਰੇਗੀ।
ਅਮਨਜੋਤ ਕੌਰ ਦੇ ਕੋਚ ਨਾਗੇਸ਼ ਗੁਪਤਾ ਨੇ ਵੀ ਅਮਨਜੋਤ ਦੀ ਕ੍ਰਿਕਟ ਵਿਸ਼ਵ ਕੱਪ ਲਈ ਹੋਈ ਚੋਣ ’ਤੇ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਦੱਸਿਆ ਕਿ ਅਮਨਜੋਤ ਕੌਰ ਪੰਜਾਬ ਦੀ ਟੀਮ ਲਈ ਵੀ ਖੇਡਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅਮਨਜੋਤ ਕੌਰ ਦੇ ਖੇਡ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਹੁਣ ਤੱਕ 8 ਇਕ ਦਿਨਾ ਮੈਚਾਂ ਵਿਚ 78 ਦੌੜਾਂ ਬਣਾਈਆਂ ਅਤੇ ਉਸ ਨੇ12 ਵਿਕਟਾਂ ਹਾਸਲ ਕੀਤੀਆਂ ਹਨ। ਜਦਕਿ ਟੀ-20 ’ਚ ਅਮਨਜੋਤ ਨੇ 15 ਮੈਚਾਂ ਦੌਰਾਨ 162 ਦੌੜਾਂ ਬਣਾਈਆਂ ਅਤੇ 6 ਵਿਕਟਾਂ ਹਾਸਲ ਕੀਤੀਆਂ। ਕੋਚ ਨੇ ਦੱਸਿਆ ਕਿ ਅਮਨਜੋਤ ਕੌਰ ਨੇ ਡੋਮੈਸਟਿਕ ਕ੍ਰਿਕਟ ’ਚ ਪਿਛਲੇ ਦੋ ਸਾਲਾਂ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਹੈ। ਉਸ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਖੇਡਦੇ ਹੋਏ 2022-23 ਦੌਰਾਨ 21 ਵਿਕਟ ਵੀ ਹਾਸਲ ਕੀਤੇ ਜਦਕਿ 482 ਦੌੜਾਂ ਬਣਾਈਆਂ। ਅਮਨਜੋਤ ਦੇ ਸਾਰੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮਹਿਲਾ ਕ੍ਰਿਕਟ ਵਿਸ਼ਵ ਕੱਪ ਟੀਮ ਵਿਚ ਸ਼ਾਮਲ ਕੀਤਾ ਗਿਆ ਅਤੇ ਉਮੀਦ ਹੈ ਕਿ ਅਮਨਜੋਤ ਕੌਰ ਵਿਸ਼ਵ ਕੱਪ ਦੌਰਾਨ ਵਧੀਆ ਪ੍ਰਦਰਸ਼ਨ ਕਰੇਗੀ।
ਜ਼ਿਕਰਯੋਗ ਹੈ ਅਮਨਜੋਤ ਕੌਰ ਮੋਹਾਲੀ ਦੇ ਸੈਕਟਰ 56 ਵਿਚ ਰਹਿੰਦੀ ਹੈ ਅਤੇ ਉਸ ਦੇ ਪਿਤਾ ਤਰਖਾਣ ਦਾ ਕੰਮ ਕਰਦੇ ਹਨ। ਉਨ੍ਹਾਂ ਆਪਣੀ ਬੇਟੀ ਨੂੰ ਕ੍ਰਿਕਟਰ ਬਣਾਉਣ ਲਈ ਬਹੁਤ ਮਿਹਨਤ ਕੀਤੀ ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਇਸ ਤੋਂ ਪਹਿਲਾਂ ਅਮਨਜੋਤ ਕੌਰ ਅੰਦਰ-23 ਅਤੇ ਇੰਡੀਆ ਚੈਲੇਂਜ ਟਰਾਫੀ ’ਚ ਵੀ ਖੇਡ ਚੁੱਕੀ ਹੈ। ਇਸ ਤੋਂ ਇਲਾਵਾ ਅਮਨਜੋਤ ਕੌਰ ਨੂੰ ਭਾਰਤ ਦੀ ਏ ਟੀਮ ਲਈ ਵੀ ਚੁਣਿਆ ਗਿਆ ਸੀ। ਅਮਨਜੋਤ ਦੱਖਣੀ ਅਫ਼ਰੀਕਾ ਅਤੇ ਬੰਗਲਾਦੇਸ ਵਿਰੁੱਧ ਖੇਡ ਚੁੱਕੀ ਹੈ। ਜਦਕਿ ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਐਡੀਸ਼ਨ ਲਈ ਅਮਨਜੋਤ ਕੌਰ ਨੂੰ 50 ਲੱਖ ਰੁਪਏ ਵਿਚ ਖਰੀਦਿਆ ਗਿਆ ਸੀ।