
ਮੈਂ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਚੁਕਾਂਗੀ : ਨੌਜੁਆਨ ਮਹਿਲਾ ਹਾਕੀ ਮਿਡਫੀਲਡਰ ਕੁਜੂਰ
ਪਰਥ: ਹਾਕੀ ਇੰਡੀਆ ਲੀਗ ’ਚ ਜੇ.ਐਸ.ਡਬਲਯੂ. ਸੂਰਮਾ ਕਲੱਬ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਸੀਨੀਅਰ ਕੌਮੀ ਮਹਿਲਾ ਟੀਮ ’ਚ ਸ਼ਾਮਲ ਕੀਤੀ ਗਈ ਨੌਜੁਆਨ ਮਿਡਫੀਲਡਰ ਅਜਮੀਨਾ ਕੁਜੂਰ ਆਸਟਰੇਲੀਆ ਵਿਰੁਧ ਹੋਣ ਵਾਲੀ ਪੰਜ ਮੈਚਾਂ ਦੀ ਸੀਰੀਜ਼ ’ਚ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਣ ਲਈ ਬੇਤਾਬ ਹੈ।
ਭਾਰਤ ਨੂੰ 26 ਅਤੇ 27 ਅਪ੍ਰੈਲ ਨੂੰ ਆਸਟਰੇਲੀਆ-ਏ ਵਿਰੁਧ ਦੋ ਮੈਚ ਖੇਡਣੇ ਹਨ, ਜਦਕਿ 1, 3 ਅਤੇ 4 ਮਈ ਨੂੰ ਪਰਥ ਹਾਕੀ ਸਟੇਡੀਅਮ ’ਚ ਆਸਟਰੇਲੀਆ ਦੀ ਸੀਨੀਅਰ ਟੀਮ ਨਾਲ ਤਿੰਨ ਮੈਚ ਖੇਡਣੇ ਹਨ।
ਹਾਕੀ ਇੰਡੀਆ ਵਲੋਂ ਜਾਰੀ ਇਕ ਬਿਆਨ ’ਚ ਉਸ ਨੇ ਕਿਹਾ, ‘‘ਮੈਂ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਹੁਣ ਖੇਡਣ ਦਾ ਮੌਕਾ ਦਿਤਾ ਹੈ ਇਸ ਲਈ ਮੈਨੂੰ ਅਪਣਾ 100 ਫ਼ੀ ਸਦੀ ਪ੍ਰਦਰਸ਼ਨ ਕਰਨਾ ਪਏਗਾ। ਦੋ ਸਾਲ ਪਹਿਲਾਂ ਮੈਂ ਸੀਨੀਅਰ ਟੀਮ ਕੈਂਪ ਵਿਚ ਸੀ ਪਰ ਮੈਂ ਟੀਮ ਵਿਚ ਜਗ੍ਹਾ ਨਹੀਂ ਬਣਾ ਸਕੀ। ਹੁਣ ਜਦੋਂ ਮੈਨੂੰ ਇਹ ਮੌਕਾ ਦਿਤਾ ਗਿਆ ਹੈ ਤਾਂ ਮੈਂ ਇਹ ਯਕੀਨੀ ਬਣਾਉਣ ਜਾ ਰਹੀ ਹਾਂ ਕਿ ਮੈਂ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਵਾਂ।’’ ਕੁਜੂਰ ਦੌਰੇ ਦੀ ਤਿਆਰੀ ਲਈ 23 ਮਾਰਚ ਤੋਂ ਸਾਈ ਬੈਂਗਲੁਰੂ ’ਚ ਸੀਨੀਅਰ ਕੌਮੀ ਕੈਂਪ ’ਚ ਸਿਖਲਾਈ ਲੈ ਰਹੀ ਸੀ।
ਕੁਜੂਰ ਨੇ 11 ਸਾਲ ਦੀ ਉਮਰ ’ਚ ਹਾਕੀ ਖੇਡਣੀ ਸ਼ੁਰੂ ਕਰ ਦਿਤੀ ਸੀ। ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਤੋਂ ਆਉਣ ਵਾਲੀ ਇਹ ਖੇਡ ਹਮੇਸ਼ਾ ਉਸ ਦੀ ਜ਼ਿੰਦਗੀ ਦਾ ਹਿੱਸਾ ਰਹੀ ਹੈ। ਉਹ ਅਪਣੇ ਪਿਤਾ ਅਤੇ ਭਰਾਵਾਂ ਨੂੰ ਅਪਣੇ ਪਿੰਡ ’ਚ ਖੇਡਦੇ ਵੇਖ ਕੇ ਹਾਕੀ ਪ੍ਰਤੀ ਪ੍ਰੇਰਿਤ ਹੋਈ।
ਕੁਜੂਰ ਦੇ ਪਿਤਾ ਹਾਕੀ ’ਚ ਉਸ ਦਾ ਕਰੀਅਰ ਬਣਾਉਣ ਦੀ ਕੋਸ਼ਿਸ਼ ’ਚ ਇਕ ਵੱਡੇ ਸਮਰਥਕ ਸਨ ਪਰ ਬਦਕਿਸਮਤੀ ਨਾਲ 2021 ’ਚ ਕੋਵਿਡ-19 ਮਹਾਂਮਾਰੀ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।