
ਪਤੀ ਵਲੋਂ ਸਾਲ ਪਹਿਲਾਂ ਜਾਨੋਂ ਮਾਰਨ ਦੀ ਕੀਤੀ ਗਈ ਸੀ ਕੋਸ਼ਿਸ਼ : ਅੰਮ੍ਰਿਤ ਕੌਰ
ਪਟਿਆਲਾ: ਵੇਟਲਿਫ਼ਟਿੰਗ ਵਿਚ ਰਾਸ਼ਟਰੀ ਪੱਧਰ ਉਤੇ ਪਟਿਆਲਾ ਦਾ ਨਾਮ ਰੌਸ਼ਨ ਕਰਨ ਵਾਲੀ ਖਿਡਾਰਨ ਅੰਮ੍ਰਿਤ ਕੌਰ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਉਹ ਅੱਜ ਕਲ ਸਾਈਕਲ ਉਤੇ ਘਰ ਘਰ ਜਾ ਕੇ ਬਰੈੱਡ ਅਤੇ ਦੁੱਧ ਵੇਚ ਕੇ ਅਪਣੇ ਬੱਚੇ ਪਾਲ ਰਹੀ ਹੈ। ਅੰਮ੍ਰਿਤ ਕੌਰ ਨੇ ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਅਪਣੀ ਗੁਰਬਤ ਭਰੀ ਕਹਾਣੀ ਸਾਂਝੀ ਕੀਤੀ।
File
ਅੰਮ੍ਰਿਤ ਕੌਰ ਨੇ ਦਸਿਆ ਕਿ ਜਦੋਂ ਉਸ ਨੇ ਦੇਸ਼ ਲਈ ਵੇਟਲਿਫ਼ਟਿੰਗ ਦੇ ਮੁਕਾਬਲਿਆਂ ਵਿਚ ਜਿੱਤ ਹਾਸਲ ਕਰ ਕੇ ਸੋਨੇ ਦੇ ਤਮਗ਼ੇ ਜਿੱਤੇ ਉਦੋਂ ਉਸ ਨੂੰ ਆਸ ਸੀ ਕਿ ਉਸ ਦਾ ਆਉਣ ਵਾਲਾ ਭਵਿੱਖ ਬਹੁਤ ਹੀ ਉਜਵਲ ਹੋਵੇਗਾ ਪਰ ਅਜਿਹਾ ਨਹੀਂ ਹੋਇਆ। ਅੰਮ੍ਰਿਤ ਕੌਰ ਨੇ ਅਪਣੀ ਕਹਾਣੀ ਦਸਦਿਆਂ ਕਿਹਾ ਕਿ ਉਸ ਦੇ ਦੋ ਬੱਚੇ ਹਨ, ਇਕ ਕੁੜੀ ਅਤੇ ਇਕ ਮੁੰਡਾ ਜੋ ਅਜੇ ਬਹੁਤ ਛੋਟੇ ਹਨ। ਇਕ ਸਾਲ ਪਹਿਲਾਂ ਗੁੱਸੇ ਵਿਚ ਆਏ ਉਸ ਦੇ ਪਤੀ ਨੇ ਉਸ ਦਾ ਚਾਕੂ ਮਾਰ ਕੇ ਗਲਾ ਵੱਢ ਦਿਤਾ ਸੀ ਤੇ ਉਹ ਮਸਾਂ ਹੀ ਬਚੀ ਸੀ ਤੇ ਉਹ ਵੱਢਿਆ ਗਲਾ ਲੈ ਕੇ ਪੁਲਿਸ ਥਾਣੇ ਪਹੁੰਚੀ, ਪ੍ਰੰਤੂ ਪੁਲਿਸ ਵਲੋਂ ਉਸ ਦੀ ਕੋਈ ਮਦਦ ਨਾ ਕੀਤੀ ਗਈ।
File
ਅੰਮ੍ਰਿਤ ਕੌਰ ਨੇ ਕਿਹਾ ਕਿ ਜਦੋਂ ਉਹ ਇਸ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਲਈ ਗਈ ਸੀ ਤਾਂ ਉਸ ਤੋਂ ਬਾਅਦ ਉਸ ਦੀ ਸੱਸ ਨੇ ਉਸ ਦੇ ਬੱਚਿਆ ਨੂੰ ਅਲੱਗ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਸੱਸ ਵਲੋਂ ਪੁਲਿਸ ਨੂੰ ਹਜ਼ਾਰ ਰੁਪਏ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਨ ਲਈ ਕਿਹਾ, ਜਿਸ ਕਰ ਕੇ ਪੁਲਿਸ ਨੇ ਉਸ ਦੀ ਕੋਈ ਮਦਦ ਨਾ ਕੀਤੀ। ਉਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਛੱਡ ਦਿਤਾ।
File
ਉਹ ਦਰ ਦਰ ਭਟਕਦੀ ਇਨਸਾਫ਼ ਦੀ ਮੰਗ ਕਰਦੀ ਉੱਚ ਅਧਿਕਾਰੀਆਂ ਕੋਲ ਵੀ ਗਈ ਪਰ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਹ ਸਵੇਰੇ 5 ਵਜ਼ੇ ਅਪਣੇ ਪੁੱਤਰ ਨਾਲ ਸਮਾਨ ਵੇਚਣ ਲਈ ਜਾਂਦੀ ਹੈ ਤੇ ਉਸ ਦਾ ਮੁੰਡਾ ਗਲੀ ਗਲੀ ਜਾ ਕੇ ਹੌਕਾ ਦਿੰਦਾ ਹੈ ''ਦੁੱਧ ਲੈਲੋ, ਬਰੈਡ ਲੈਲੋ''। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਪੁਲਿਸ ਇੰਸਪੈਕਟਰ ਬਣਨਾ ਚਾਹੁੰਦਾ ਹੈ ਅਤੇ ਇੰਨਸਾਫ਼ ਮੰਗਣ ਆਈ ਹਰ ਮਾਂ ਨੂੰ ਉਹ ਇਨਸਾਫ਼ ਦਵਾਉਣਾ ਚਾਹੁੰਦਾ ਹੈ।
File
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਉਹ ਬੱਚਿਆਂ ਦੇ ਸਕੂਲ ਦੀ ਫ਼ੀਸ ਵੀ ਨਹੀਂ ਭਰ ਸਕਦੀ। ਉਸ ਨੇ ਸਮਾਜ ਸੇਵੀ ਸੰਸਥਾਵਾਂ ਕੋਲ ਵੀ ਅਪਣੀ ਮਦਦ ਲਈ ਗੁਹਾਰ ਲਗਾਈ ਹੈ। ਅੰਮ੍ਰਿਤ ਕੌਰ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਅਪਣੇ ਛੋਟੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।