
ਹਰਜੀਤ ਸਿੰਘ ਤੁਲੀ ਭਾਰਤੀ ਹਾਕੀ ਜੂਨੀਅਰ ਟੀਮ ਦੇ ਕਪਤਾਨ ਰਹੇ ਹਨ ਅਤੇ ਉਨ੍ਹਾਂ ਦੀ ਕਪਤਾਨੀ ਦੌਰਾਨ ਭਾਰਤ ਦੀ ਹਾਕੀ ਟੀਮ ਨੇ ਵਿਸ਼ਵ ਕੱਪ ਜਿਤਿਆ ਸੀ।
ਕੁਰਾਲੀ: ਖੇਡ ਹਲਕਿਆਂ ਵਿਚ ਇਹ ਖ਼ਬਰ ਬਹੁਤ ਖ਼ੁਸ਼ੀ ਨਾਲ ਪੜ੍ਹੀ ਜਾਵੇਗੀ ਕਿ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ ਤੁਲੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਕੁਰਾਲੀ ਨੇੜਲੇ ਪਿੰਡ ਨਿਹੋਲਕਾ ਦੇ ਜੰਮਪਲ ਹਰਜੀਤ ਸਿੰਘ ਤੁਲੀ ਦਾ ਆਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਰਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਪਿੰਡ ਅਲੂਣਾ, ਜ਼ਿਲ੍ਹਾ ਪਟਿਆਲਾ ਨਾਲ ਪਰਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਕੀਤੇ ਗਏ।
ਇਸ ਮਗਰੋਂ ਬਨੂੜ ਦੇ ਗਰੈਂਡ ਰੋਮਾਨੀਆ ਪੈਲੇਸ ਵਿਚ ਵਿਆਹ ਦੀਆਂ ਬਾਕੀ ਰਸਮਾਂ ਬਹੁਤ ਸਾਦੇ ਤਰੀਕੇ ਨਾਲ ਨਿਭਾਈਆਂ ਗਈਆਂ। ਇਸ ਮੌਕੇ ਦੋਵੇਂ ਪਰਵਾਰਾਂ ਦੇ ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਨੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿਤਾ।
ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਤੁਲੀ ਭਾਰਤੀ ਹਾਕੀ ਜੂਨੀਅਰ ਟੀਮ ਦੇ ਕਪਤਾਨ ਰਹੇ ਹਨ ਅਤੇ ਉਨ੍ਹਾਂ ਦੀ ਕਪਤਾਨੀ ਦੌਰਾਨ ਭਾਰਤ ਦੀ ਹਾਕੀ ਟੀਮ ਨੇ ਵਿਸ਼ਵ ਕੱਪ ਜਿਤਿਆ ਸੀ। ਜ਼ਿਕਰਯੋਗ ਹੈ ਕਿ ਬਹੁਤ ਗ਼ਰੀਬ ਪਰਵਾਰ ਨਾਲ ਸਬੰਧਤ ਹਰਜੀਤ ਸਿੰਘ ਤੁਲੀ ਦੇ ਜੀਵਨ ’ਤੇ ਇਕ ਪੰਜਾਬੀ ਫ਼ਿਲਮ ‘ਹਰਜੀਤਾ’ ਵੀ ਬਣ ਚੁਕੀ ਹੈ।